ਸਰਕਾਰ ਨੇ ਵਾਪਸ ਲਿਆ ਫ਼ੈਸਲਾ, ਹੁਣ ਕੱਟਣਗੀਆਂ ਤਨਖ਼ਾਹਾਂ !

    0
    148

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਦੇਸ਼ ਵਿੱਚ 25 ਮਾਰਚ ਤੋਂ ਲਾਕਡਾਊਨ ਲੱਗਿਆ ਹੋਇਆ ਹੈ ਤੇ ਗ੍ਰਹਿ ਸਕੱਤਰ ਨੇ ਲਾਕਡਾਊਨ ਲਾਉਣ ਦੇ ਕੁੱਝ ਦਿਨਾਂ ਬਾਅਦ 29 ਮਾਰਚ ਨੂੰ ਜਾਰੀ ਗਾਈਡਲਾਈਨਜ਼ ਵਿੱਚ ਸਾਰੀਆਂ ਕੰਪਨੀਆਂ ਤੇ ਹੋਰ ਮਾਲਕਾਂ ਨੂੰ ਕਿਹਾ ਸੀ ਕਿ ਉਹ ਮਹੀਨਾ ਪੂਰਾ ਹੋਣ ‘ਤੇ ਬਿਨ੍ਹਾਂ ਕਿਸੇ ਕਟੌਤੀ ਦੇ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਦੇਣ। ਸਰਕਾਰ ਨੇ ਹੁਣ ਇਨ੍ਹਾਂ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਅਦਾ ਕਰਨ ਦੇ ਪੁਰਾਣੇ ਨਿਰਦੇਸ਼ਾਂ ਨੂੰ ਵਾਪਸ ਲੈ ਲਿਆ ਹੈ ਜੋ ਲਾਕਡਾਊਨ ਦੌਰਾਨ ਕੰਮ ਕਰਨ ਤੋਂ ਅਸਮਰੱਥ ਹਨ। ਸਰਕਾਰ ਨੇ ਇਸ ਕਦਮ ਨਾਲ ਕੰਪਨੀਆਂ ਤੇ ਉਦਯੋਗ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ।

    ਗ੍ਰਹਿ ਸਕੱਤਰ ਅਜੈ ਭੱਲਾ ਨੇ ਐਤਵਾਰ ਨੂੰ ਲਾਕਡਾਊਨ ਦੇ ਚੌਥੇ ਪੜਾਅ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ‘ਚ ਕਿਹਾ ਗਿਆ ਹੈ ਕਿ ਜਦ ਤਕ ਇਸ ਆਦੇਸ਼ ਅਧੀਨ ਜਾਰੀ ਅੰਤਿਕਾ ‘ਚ ਕੋਈ ਹੋਰ ਵਿਵਸਥਾ ਨਹੀਂ ਹੁੰਦੀ, ਉਦੋਂ ਤਕ ਰਾਸ਼ਟਰੀ ਕਾਰਜਕਾਰੀ ਕਮੇਟੀ ਦੁਆਰਾ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 10 (2) (1) ਤਹਿਤ ਜਾਰੀ ਕੀਤੇ ਗਏ ਹੁਕਮ 18 ਮਈ 2020 ਤੋਂ ਲਾਗੂ ਨਾ ਮੰਨੇ ਜਾਣ।

    ਐਤਵਾਰ ਦਿਸ਼ਾ-ਨਿਰਦੇਸ਼ਾਂ ਵਿੱਚ ਛੇ ਕਿਸਮਾਂ ਦੇ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ ਦਾ ਜ਼ਿਕਰ ਹੈ। ਇਹ ਜ਼ਿਆਦਾਤਰ ਲੋਕਾਂ ਦੀ ਆਵਾਜਾਈ ਨਾਲ ਸੰਬੰਧਿਤ ਹਨ ਪਰ ਇਸ ‘ਚ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਜਾਰੀ 29 ਮਾਰਚ ਦਾ ਆਦੇਸ਼ ਸ਼ਾਮਲ ਨਹੀਂ, ਜਿਸ ‘ਚ ਸਾਰੇ ਮਾਲਕਾਂ ਨੂੰ ਬਿਨਾਂ ਕਿਸੇ ਕਟੌਤੀ ਦੇ ਤੈਅ ਮਿਤੀ ਨੂੰ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਦੀ ਹਦਾਇਤ ਕੀਤੀ ਗਈ ਹੈ, ਭਾਵੇਂ ਵਪਾਰਕ ਇਕਾਈ ਤਾਲਾਬੰਦੀ ਦੀ ਮਿਆਦ ਦੇ ਦੌਰਾਨ ਬੰਦ ਹੋਵੇ।

    29 ਮਾਰਚ ਨੂੰ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਾਰੇ ਮਾਲਕ ਚਾਹੇ ਉਦਯੋਗ ਵਿੱਚ ਹੋਣ ਜਾਂ ਦੁਕਾਨਾਂ ਤੇ ਵਪਾਰਕ ਅਦਾਰਿਆਂ ਵਿੱਚ, ਲਾਕਡਾਊਨ ਦੌਰਾਨ ਆਪਣੇ ਕਾਮਿਆਂ ਦੀ ਤਨਖਾਹ ਤੈਅ ਮਿਤੀ ਨੂੰ ਬਿਨਾਂ ਕਿਸੇ ਕਟੌਤੀ ਦੇ ਅਦਾ ਕਰਨਗੇ। ਇਹ ਨੋਟ ਕੀਤਾ ਜਾ ਸਕਦਾ ਹੈ ਕਿ 15 ਮਈ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਕੰਪਨੀਆਂ ਤੇ ਮਾਲਕਾਂ ਖ਼ਿਲਾਫ਼ ਇੱਕ ਹਫ਼ਤੇ ਲਈ ਕੋਈ ਠੋਸ ਕਾਰਵਾਈ ਨਾ ਕਰਨ ਲਈ ਕਿਹਾ ਸੀ ਜੋ ਲਾਕਡਾਊਨ ਦੌਰਾਨ ਆਪਣੇ ਕਾਮਿਆਂ ਨੂੰ ਪੂਰੀ ਤਨਖ਼ਾਹ ਨਹੀਂ ਦੇ ਸਕਦੀਆਂ।

    LEAVE A REPLY

    Please enter your comment!
    Please enter your name here