ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਡਾਇਰੈਕਟਰ ਸਿਹਤ ਨੂੰ ਮੰਗ ਪੱਤਰ :

    0
    126

    ਬਠਿੰਡਾ, ਜਨਗਾਥਾ ਟਾਇਮਜ਼ : (ਸਿਮਰਨ)

    ਬਠਿੰਡਾ : ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ (ਸੰਬੰਧਿਤ ਡੀ.ਐੱਮ.ਐੱਫ.) ਦੀ ਬਠਿੰਡਾ ਇਕਾਈ ਵਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਕਨਵੀਨਰ ਸੁਰੰਜਨਾ ਰਾਣੀ ਦੀ ਅਗਵਾਈ ਵਿੱਚ ਸੀਨੀਅਰ ਮੈਡੀਕਲ ਅਫ਼ਸਰ (ਐੱਸ.ਐੱਮ.ਓ.) ਰਾਹੀਂ ਪੰਜਾਬ ਦੇ ਡਾਇਰੈਕਟਰ ਹੈਲਥ ਮਿਸ਼ਨ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ‘ਤੇ ਮੰਗਾਂ ਪ੍ਰਤੀ ਬੇਰੁਖੀ ਭਰਿਆ ਰਵੱਇਆ ਅਪਣਾਉਣ ਦਾ ਦੋਸ਼ ਲਗਾਇਆ ਅਤੇ 28 ਮਈ ਨੂੰ ਸਬ ਸੈਂਟਰਾਂ ‘ਤੇ ਸਵੇਰੇ 8 ਤੋਂ 10 ਵਜੇ ਦਰਮਿਆਨ ਮਿੱਥੇ ਰੋਸ ਪ੍ਰਦਰਸ਼ਨਾਂ ਦੀਆਂ ਵਿਆਪਕ ਤਿਆਰੀਆਂ ਵਿੱਢਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਕੌਰ ਅਤੇ ਜਨਰਲ ਸਕੱਤਰ ਮਨਜੀਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਅੰਦਰ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਪੂਰੀਆਂ ਕਰਨ ਦੀ ਮੰਗ ਸਰਕਾਰ ਤੋਂ ਕੀਤੀ ਜਾ ਰਹੀ ਹੈ, ਪ੍ਰੰਤੂ ਸਰਕਾਰ ਧਿਆਨ ਨਹੀਂ ਦੇ ਰਹੀ ਹੈ ਜਿਸ ਕਾਰਨ ਵਰਕਰਾਂ ਭਰੀਆਂ ਪੀਤੀਆਂ ਬੈਠੀਆਂ ਹਨ।

    ਆਗੂਆਂ ਨੇ ਕਿਹਾ ਕਿ ਵੱਡੇ ਕਾਰਪੋਰੇਟਾਂ ਦੇ ਅਰਬਾਂ ਰੁਪਏ ਦੇ ਕਰਜਿਆਂ ‘ਤੇ ਲੀਕ ਮਾਰਨ ਵਾਲੀਆਂ ਸਰਕਾਰਾਂ ਨੇ ਆਮ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਤੋਂ ਅੱਖਾਂ ਮੀਟ ਲਈਆਂ ਹਨ। ਉਨਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਕਾਨੂੰਨ ਹੇਠ ਲਿਆ ਕਿ ਪ੍ਰਤੀ ਮਹੀਨਾ 9958 ਰੁਪਏ ਅਤੇ ਫੈਸਿਲੀਟੇਟਰਾਂ ਨੂੰ ਆਂਗਣਵਾੜੀ ਸੁਪਰਵਾਈਜਰਾ ਦਾ ਸਕੇਲ ਦਿੱਤਾ ਜਾਵੇ। ਆਗੂਆਂ ਨੇ ਡਾਇਰੈਕਟਰ ਹੈਲਥ ਮਿਸ਼ਨ ਤੋਂ ਕੋਵਿਡ 19 ਨਾਲ ਸੰਬੰਧਿਤ ਕੰਮ ਦੇੇ ਇਨਸੈਂਟਿਵ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ। ਆਸ਼ਾ ਵਰਕਰਾਂ ਦੇ ਇਸੇੰਟਿਵਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤਿਆਂ ਵਿੱਚ ਪ੍ਰਤੀ ਸਾਲ 20 ਫ਼ੀਸਦੀ ਦਾ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਟੂਰ ਭੱਤਾ 250 ਰੁਪਏ ਪ੍ਰਤੀ ਟੂਰ, ਭੋਜਨ ਭੱਤਾ 50 ਰੁਪਏ ਰੋਜ਼ਾਨਾ ਅਤੇ ਫੈਸਿਲੀਟੇਟਰਾਂ ਨੂੰ ਰਿਕਾਰਡ ਰੱਖਣ ਦੇ 1000 ਰੁਪਏ ਪ੍ਰਤੀ ਮਹੀਨਾ ਅਲੱਗ ਤੋਂ ਦਿੱਤੇ ਜਾਣ।

    ਆਗੂਆਂ ਨੇ ਦੱਸਿਆ ਕਿ 5 ਲੱਖ ਰੁਪਏ ਦਾ ਮੁਫ਼ਤ ਬੀਮਾ ਲਾਗੂ ਕਰਵਾਉਣ, ਸਾਲ ਵਿੱਚ ਦੋ ਵਾਰ ਵਰਦੀ ਭੱਤਾ, ਹਰੇਕ ਮਹੀਨੇ ਧੁਲਾਈ ਭੱਤਾ, ਵਰਕਰਾਂ ਦੀ ਨਜਾਇਜ਼ ਛਾਂਟੀ ਬੰਦ ਕਰਵਾਉਣ, ਪ੍ਰਾਵੀਡੈਂਟ ਫੰਡ ਦੀ ਸਹੂਲਤ, ਹਰੇਕ ਕਿਸਮ ਦੀਆਂ ਛੁੱਟੀਆਂ ਦੀ ਸਹੂਲਤ ਲਾਗੂ ਕਰਵਾਉਣ ਅਤੇ ਮੋਬਾਈਲ ਭੱਤਾ ਲਾਗੂ ਕਰਵਾਉਣ ਸਮੇਤ ਮੰਗ ਪੱਤਰ ਵਿੱਚ ਦਰਜ਼ ਹੋਰਨਾਂ ਮੰਗਾਂ ਦੀ ਪੂਰਤੀ ਨਾ ਹੋਣ ਦੀ ਸੂਰਤ ਵਿੱਚ 28 ਮਈ ਨੂੰ ਸੂਬੇ ਭਰ ਦੀਆਂ ਹਜਾਰਾਂ ਵਰਕਰਾਂ ਆਪਣੇ-ਆਪਣੇ ਸਬ-ਸੈਟਰਾਂ ‘ਤੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਬਜਾਉਣਗੀਆਂ। ਇਸ ਮੌਕੇ ਕੁਸਮ,ਕ੍ਰਿਸ਼ਨਾ ਅਤੇ ਡੀ.ਐੱਮ. ਐੱਫ. ਦੇ ਸਿਕੰਦਰ ਧਾਲੀਵਾਲ ਹਾਜ਼ਰ ਸਨ।

    LEAVE A REPLY

    Please enter your comment!
    Please enter your name here