ਹੁਸ਼ਿਆਰਪੁਰ (ਜਨਗਾਥਾ ਟਾਈਮਜ਼) ਦੋ ਦਿਨ ਪਹਿਲਾਂ ਡੀ ਸੀ ਗੁਰਦਾਸਪੁਰ ਵਿਪੁਲ ਉੱਜਵਲ ਨਾਲ ਗਰਮਾ ਗਰਮੀ ਦੌਰਾਨ ਲੁਧਿਆਣੇ ਦੇ ਐਮ ਐਲ ਏ ਸਿਮਰਜੀਤ ਬੈਂਸ ਵੱਲੋਂ ਡੀ ਸੀ ਨਾਲ ਦੁਰਵਿਹਾਰ ਕਰਨ ਅਤੇ ਉਨ੍ਹਾਂ ਦੇ ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਪੰਜਾਬ ਪੁਲਿਸ ਨੇ ਫ਼ੌਜਦਾਰੀ ਕੇਸ ਦਰਜ ਕੀਤਾ ਹੈ . ਇਹ ਕੇਸ ਬਟਾਲੇ ਦੇ ਐਸ ਡੀ ਐਮ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ .
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਆਈ ਪੀ ਸੀ ਦੀਆਂ ਧਰਾਵਾਂ 186 , 353, 451, 147 , 177,505, ਅਤੇ 506 ਅੜੇਂ ਦਰਜ ਕੀਤਾ ਗਿਆ ਹੈ . ਬੁਲਾਰੇ ਅਨੁਸਾਰ ਅੱਗੇ ਤਫ਼ਤੀਸ਼ ਜਾਰੀ ਹੈ .
ਦੱਸਣਯੋਗ ਹੈ ਕਿ 6 ਸਤੰਬਰ ਨੂੰ ਬਟਾਲੇ ਵਿਚ ਬੈਂਸ ਨੇ ਬਟਾਲਾ ਧਮਾਕੇ ਸਬੰਧੀ ਇੱਕ ਪੀੜਿਤ ਪਰਿਵਾਰ ਦੇ ਮੁੱਦੇ ਤੇ ਵਿਪੁਲ ਉੱਜਵਲ ਨਾਲ ਐਸ ਡੀ ਐਮ ਦਫ਼ਤਰ ਵਿਚ ਧਮਕੀ ਭਰੇ ਲਹਿਜ਼ੇ ਅਤੇ ਭੱਦੀ ਭਾਸ਼ਾ ਵਿਚ ਗਰਮਾ-ਗਰਮੀ ਦਿਖਾਈ ਹਾਲਾਂਕਿ ਡੀ ਸੀ ਨਿਮਰਤਾ ਨਾਲ ਆਪਣਾ ਪੱਖ ਰੱਖਣ ਦਾ ਯਤਨ ਕਰਦੇ ਰਹੇ . ਇਸ ਮੌਕੇ ਦੀ ਵੀਡੀਓ ਵਿਰਲ ਹੋਣ ਤੇ ਜਿੱਥੇ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ ਉੱਥੇ ਮਾਲ ਮਹਿਕਮੇ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਬੈਂਸ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ .