ਜ਼ਿਲ੍ਹਾ ਵਾਸੀਆਂ ਨੂੰ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਡੀ.ਸੀ.

    0
    150

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਘਰਾਂ ਵਿੱਚ ਹੀ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਥੇ ਹੋਮ ਡਿਲੀਵਰੀ ਰਾਹੀਂ ਕਰਿਆਨੇ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਗੈਸ ਸਿਲੰਡਰ ਵੀ ਨਿਰਵਿਘਨ ਉਪਲਬੱਧ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 1 ਲੱਖ 64 ਹਜ਼ਾਰ 533 ਗੈਸ ਸਿਲੰਡਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਗੜ੍ਹਸ਼ੰਕਰ ਸਬ-ਡਵੀਜ਼ਨ ਵਿੱਚ 29,309, ਹੁਸ਼ਿਆਰਪੁਰ 62,207, ਦਸੂਹਾ 31,700 ਅਤੇ ਮੁਕੇਰੀਆਂ ਸਬ-ਡਵੀਜ਼ਨ ਵਿਖੇ 41,317 ਗੈਸ ਸਿਲੰਡਰ ਮੁਹੱਈਅ ਕਰਵਾਏ ਗਏ ਹਨ।
    ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਗੈਸ ਸਿਲੰਡਰਾਂ ਤੋਂ ਇਲਾਵਾ ਰੇਹੜੀਆਂ ਆਦਿ ਰਾਹੀਂ ਰੋਜ਼ਾਨਾ ਫ਼ਲ ਅਤੇ ਸਬਜ਼ੀਆਂ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਰੇਹੜੀਆਂ ਅਤੇ ਸਬਜ਼ੀ ਵੇਚਣ ਵਾਲੇ ਛੋਟੇ ਟੈਂਪੂਆਂ ਲਈ ਰੇਟ ਲਿਸਟ ਜ਼ਰੂਰੀ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਫ਼ਲ ਅਤੇ ਸਬਜ਼ੀ ਵਿਕਰੇਤਾ ਕੋਲ ਕਰਫ਼ਿਊ ਪਾਸ ਦੇ ਨਾਲ-ਨਾਲ ਰੋਜ਼ਾਨਾ ਰੇਟ ਲਿਸਟ ਕੋਲ ਰੱਖਣੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰੇਟ ਲਿਸਟ ਸਮੇਤ ਹੀ ਸਬਜ਼ੀ ਮੰਡੀ ਹੁਸ਼ਿਆਰਪੁਰ ਤੋਂ ਇਨ੍ਹਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਦੋਧੀਆਂ ਵਲੋਂ ਘਰਾਂ ਵਿੱਚ ਹੀ ਦੁੱਧ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਉਥੇ ਵੇਰਕਾ ਮਿਲਕ ਪਲਾਂਟ ਵਲੋਂ 9500 ਲੀਟਰ ਰੋਜ਼ਾਨਾ ਦੁੱਧ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਅਫ਼ਸਰ ਅਨੁਸਾਰ ਅੱਜ ਸਬਜ਼ੀ ਮੰਡੀ ਹੁਸ਼ਿਆਰਪੁਰ ਤੋਂ ਕਰੀਬ 140 ਕੁਇੰਟਲ ਸਬਜ਼ੀਆਂ ਅਤੇ 21 ਕੁਇੰਟਲ ਫ਼ਲ ਰੇਹੜੀਆਂ ਆਦਿ ਵਲੋਂ ਚੁਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪ ਨੂੰ ਸੁਰੱਖਿਅਤ ਰੱਖਣ ਲਈ ਹੀ ਕਰਫ਼ਿਊ ਲਗਾਇਆ ਗਿਆ ਹੈ, ਇਸ ਲਈ ਆਪਣੇ ਘਰਾਂ ਵਿੱਚ ਹੀ ਰਹਿਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

    LEAVE A REPLY

    Please enter your comment!
    Please enter your name here