ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਵੱਡਾ ਫ਼ੈਸਲਾ

    0
    152

    ਨਵੀਂ ਦਿੱਲੀ, ਜਨਗਾਥਾ ਟਾਈਮਜ਼: (ਰਵਿੰਦਰ)

    ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਭਾਵ ਸੀਬੀਐੱਸਈ ਨੇ ਸਾਲ 2021 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਕਿ ਮੌਜੂਦਾ ਮਾਹੌਲ ਕਾਰਨ ਆਨਲਾਈਨ ਪ੍ਰੀਖਿਆਵਾਂ ਲੈਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਤੇ ਵਿਦਿਆਰਥੀਆਂ ਦੇ ਇਮਤਿਹਾਨ ਪਹਿਲਾਂ ਵਾਂਗ ਲਿਖਤੀ ਹੀ ਹੋਣਗੇ।

    ਅਗਲੇ ਸਾਲ 2021 ਦੌਰਾਨ ਬੋਰਡ ਦੀ ਪ੍ਰੀਖਿਆ ਬਾਰੇ ਸੀਬੀਐੱਸਈ ਨੇ ਟਵਿਟਰ ਰਾਹੀਂ ਜਾਣਕਾਰੀ ਦਿੱਤੀ। ਇੰਝ ਵਿਦਿਆਰਥੀਆਂ ਦੇ ਮਨਾਂ ਵਿੱਚ ਐਤਕੀਂ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਬਾਰੇ ਜਿਹੜੇ ਸ਼ੰਕੇ ਸਨ, ਉਹ ਹੁਣ ਸਭ ਦੂਰ ਹੋ ਗਏ ਹਨ। ਦਰਅਸਲ, ਇਸ ਵਰ੍ਹੇ ਕੋਰੋਨਾ ਕਾਰਨ ਸਿੱਖਿਆ ਪ੍ਰਣਾਲੀ ਵਿੱਚ ਵੱਡਾ ਉਲਟ-ਫੇਰ ਹੋਇਆ ਹੈ।

    ਖ਼ਾਸ ਕਰਕੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਇਸ ਵਰ੍ਹੇ ਦੇ ਮਾਹੌਲ ਨੂੰ ਵੇਖਦਿਆਂ ਕੁਝ ਫ਼ਿਕਰਮੰਦ ਸਨ ਕਿ ਇਸ ਵਾਰ ਸਾਲਾਨਾ ਇਮਤਿਹਾਨ ਕਿਤੇ ਆਨਲਾਈਨ ਮੋਡ ’ਚ ਨਾ ਹੋਣੀਆਂ ਹੋਣ। ਹੁਣ ਜਦੋਂ ਸਾਰੇ ਸ਼ੰਕੇ ਦੂਰ ਹੋ ਗਏ ਹਨ, ਵਿਦਿਆਰਥੀ ਉਸੇ ਮੁਤਾਬਕ ਆਪਣੀ ਤਿਆਰੀ ਕਰ ਸਕਦੇ ਹਨ।

    ਸੀਬੀਐੱਸਈ ਦੀਆਂ ਬੋਰਡ ਪ੍ਰੀਖਿਆਵਾਂ ਭਾਵੇਂ ਲਿਖਤੀ ਮੋਡ ’ਚ ਹੋਣਗੀਆਂ ਪਰ ਇਸ ਦੌਰਾਨ ਕੋਵਿਡ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਠੀਕ ਤਰੀਕੇ ਪਾਲਣਾ ਹੋਵੇਗੀ ਤੇ ਵਿਦਿਆਰਥੀਆਂ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਆਨਲਾਈਨ ਪ੍ਰੀਖਿਆਵਾਂ ਦੀ ਇੱਕ ਸਮੱਸਿਆ ਇਹ ਵੀ ਹੈ ਕਿ ਹਰੇਕ ਵਿਦਿਆਰਥੀ ਕੋਲ ਆਨਲਾਈਨ ਇਮਤਿਹਾਨ ਦੇਣ ਦਾ ਹਰੇਕ ਸਾਧਨ ਉਪਲੱਬਧ ਨਹੀਂ ਹੁੰਦਾ। ਇਸ ਕਰਕੇ ਵੀ ਬੋਰਡ ਇਸ ਬਾਰੇ ਵਿਚਾਰ ਨਹੀਂ ਕਰ ਰਿਹਾ।

    ਹਾਲੇ ਤੱਕ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਲੈ ਕੇ ਕੁਝ ਸਪੱਸ਼ਟ ਨਹੀਂ ਹੈ। ਵਿਦਿਆਰਥੀ ਇਸ ਕਰਕੇ ਵੀ ਪਰੇਸ਼ਾਨ ਹਨ ਕਿ ਡੇਟਸ਼ੀਟ ਵੀ ਜਾਰੀ ਨਹੀਂ ਕੀਤੀ ਗਈ ਹੈ। ਉਂਝ ਸਿੱਖਿਆ ਮੰਤਰੀ ਆਉਂਦੀ 10 ਦਸੰਬਰ ਨੂੰ ਜਦੋਂ ਲਾਈਵ ਸੈਮੀਨਾਰ ਵਿੱਚ ਭਾਗ ਲੈਣਗੇ, ਤਦ ਸ਼ਾਇਦ ਵਿਦਿਆਰਥੀਆਂ ਨੂੰ ਅਜਿਹੇ ਕੁਝ ਸੁਆਲਾਂ ਦੇ ਜੁਆਬ ਮਿਲ ਸਕਣ।

    LEAVE A REPLY

    Please enter your comment!
    Please enter your name here