ਸਿਹਤ ਵਿਭਾਗ ਵੱਲੋਂ ਹਜ਼ਾਮਤ ਦੀਆਂ ਦੁਕਾਨਾਂ/ ਸੈਲੂਨਜ਼ ਲਈ ਐਡਵਾਇਜ਼ਰੀ ਜਾਰੀ :

    0
    144

    ਫ਼ਾਜ਼ਿਲਕਾ, ਜਨਗਾਥਾ ਟਾਇਮਜ਼ : (ਸਿਮਰਨ)

    ਫ਼ਾਜ਼ਿਲਕਾ : ਸਿਹਤ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਹਜ਼ਾਮਤ ਦੀਆਂ ਦੁਕਾਨਾਂ /ਹੇਅਰ-ਕੱਟ ਸੈਲੂਨਾਂ ਦੀ ਸਫ਼ਾਈ ਅਤੇ ਸਵੱਛਤਾ ਬਣਾਏ ਰੱਖਣ ਸੰਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਹਜ਼ਾਮਤ ਦੀ ਦੁਕਾਨ / ਹੇਅਰ-ਕੱਟ ਸੈਲੂਨ ਦੇ ਮਾਲਕ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਸਟਾਫ਼ ਮੈਂਬਰ ਜਿਸ ਵਿਚ ਕੋਵੀਡ-19 (ਬੁਖ਼ਾਰ, ਸੁੱਕੀ ਖੰਘ, ਸਾਹ ਲੈਣ ਵਿਚ ਤਕਲੀਫ਼ ਆਦਿ) ਦੇ ਲੱਛਣ ਹੋਣ, ਨੂੰ ਕੰਮ ’ਤੇ ਨਾ ਬੁਲਾਇਆ ਜਾਵੇ ਅਤੇ ਉਕਤ ਵਿਅਕਤੀ ਤੁਰੰਤ ਡਾਕਟਰੀ ਸਲਾਹ ਲੈ ਕੇ ਘਰ ਦੇ ਅੰਦਰ ਰਹੇ।

    ਉਨ੍ਹਾਂ ਨੇ ਕਿਹਾ ਕਿ ਇਸੇ ਤਰਾਂ ਅਜਿਹੇ ਲੱਛਣ ਪਾਏ ਜਾਣ ਵਾਲੇ ਕਿਸੇ ਵੀ ਗਾਹਕ ਦਾ ਕੰਮ ਨਾ ਕੀਤਾ ਜਾਵੇ। ਜਿਸ ਕੇਸ ਵਿੱਚ ਕਿਸੇ ਨੂੰ (ਜਿਵੇਂ ਮਾਤਾ-ਪਿਤਾ/ਗਾਰਡੀਅਨਜ਼) ਨਾਲ ਲਿਆਉਣਾ ਜ਼ਰੂਰੀ ਨਾ ਹੋਵੇ, ਦੁਕਾਨ ’ਤੇ ਆਉਣ ਵਾਲੇ ਗਾਹਕ ਆਪਣੇ ਨਾਲ ਕਿਸੇ ਹੋਰ ਵਿਅਕਤੀ ਨੂੰ ਨਾਲ ਨਾ ਲੈ ਕੇ ਆਉਣ। ਉਨ੍ਹਾਂ ਨੇ ਕਿਹਾ ਕਿ ਹਜ਼ਾਮਤ ਦੀ ਦੁਕਾਨਾਂ/ਹੇਅਰ-ਕੱਟ ਸੈਲੂਨ ਦੇ ਮਾਲਕ ਇਹ ਸੁਨਿਸ਼ਚਿਤ ਕਰਨਗੇ ਕਿ ਉਨ੍ਹਾਂ ਦੀ ਦੁਕਾਨ / ਸੈਲੂਨ ਵਿਚ ਬੇਲੋੜੀ ਭੀੜ ਨਾ ਹੋਵੇ। ਇਸ ਤੋਂ ਇਲਾਵਾ ਸੇਵਾਵਾਂ ਲੈਣ ਸਮੇਂ ਗ੍ਰਾਹਕਾਂ ਵੱਲੋਂ ਸੰਭਵ ਹੱਦ ਤੱਕ ਮਾਸਕ ਦੀ ਵਰਤੋਂ ਕੀਤੀ ਜਾਵੇ। ਹਜ਼ਾਮਤ ਦੀ ਦੁਕਾਨ/ਹੇਅਰ-ਕੱਟ ਸੈਲੂਨ ਦੇ ਮਾਲਕ ਅਤੇ ਉੱਥੇ ਕੰਮ ਕਰਨ ਵਾਲੇ ਸਟਾਫ਼ ਵੱਲੋਂ ਲਾਜ਼ਮੀ ਤੌਰ ’ਤੇ ਮਾਸਕ ਦੀ ਵਰਤੋਂ ਕੀਤੀ ਜਾਵੇ।

    ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਗ੍ਰਾਹਕਾਂ ਅਤੇ ਸਟਾਫ਼ ਦੇ ਆਪਸੀ ਵਿਹਾਰ ਦੌਰਾਨ ਕੋਵਿਡ-19 ਦੀ ਰੋਕਥਾਮ ਨਾਲ ਸੰਬੰਧਿਤ ਸਾਰੇ ਦਿਸ਼ਾ-ਨਿਰਦੇਸ਼ਾਂ ਜਿਵੇਂ ਕਿ ਵਾਰ-ਵਾਰ ਹੱਥ ਧੋਣਾ (ਸਾਬਣ ਅਤੇ ਪਾਣੀ ਜਾਂ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਨਾਲ), ਇੱਕ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣਾ, ਰੈਸਪੀਰੇਟਰੀ (ਸੁਆਸ ਕਿਰਿਆ ਸੰਬੰਧੀ) ਹਾਈਜੀਨ ਦੀ ਪਾਲਣਾ, ਬਿਮਾਰੀ ਦੇ ਲੱਛਣਾਂ ’ਤੇ ਨਜ਼ਰ ਰੱਖਣਾ, ਜਨਤਕ ਥਾਵਾਂ ’ਤੇ ਨਾ ਥੁੱਕਣਾ ਆਦਿ ਦੀ ਲਾਜ਼ਮੀ ਤੌਰ ’ਤੇ ਪਾਲਣਾ ਕੀਤੀ ਜਾਵੇ।

    ਇਸ ਤੋਂ ਇਲਾਵਾ ਜਿੱਥੋਂ ਤੱਕ ਹੋ ਸਕੇ ਦੁਕਾਨ ਮਾਲਕਾਂ ਵੱਲੋਂ ਗਾਹਕਾਂ ਨੂੰ ਡਿਜ਼ੀਟਲ ਭੁਗਤਾਨ ਦੇ ਤਰੀਕਿਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਜੇ ਨਕਦੀ ਦਾ ਲੈਣ-ਦੇਣ ਕੀਤਾ ਜਾਂਦਾ ਹੈ ਤਾਂ ਦੁਕਾਨਦਾਰ, ਸਟਾਫ਼ ਅਤੇ ਗ੍ਰਾਹਕ ਨਕਦੀ ਦੇ ਲੈਣ-ਦੇਣ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥਾਂ ਨੂੰ ਤੁਰੰਤ ਸਾਫ਼ ਕਰਨਗੇ। ਦੁਕਾਨਾਂ ਦੀ ਢੁੱਕਵੀਂ ਸਾਫ਼-ਸਫ਼ਾਈ ਸੰਬੰਧੀ ਸਰਵਿਸ ਰੂਮ, ਉਡੀਕ ਵਾਲੀਆਂ ਥਾਵਾਂ, ਕੰਮ ਕਰਨ ਵਾਲੀਆਂ ਥਾਵਾਂ ਆਦਿ ਸਮੇਤ ਅੰਦਰੂਨੀ ਖੇਤਰਾਂ ਨੂੰ ਹਰ 2-3 ਘੰਟੇ ਅੰਦਰ ਢੁੱਕਵੀਂ ਤਰ੍ਹਾਂ ਸਾਫ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਫਰਸ਼ ਨੂੰ 1% ਸੋਡੀਅਮ ਹਾਈਪੋਕਲੋਰਾਈਟ ਜਾਂ ਮਾਰਕੀਟ ਵਿੱਚ ਉਪਲੱਬਧ ਇਸਦੇ ਬਰਾਬਰ ਦੇ ਕਿਸੇ ਹੋਰ ਡਿਸਇਨਫੈਕਟੈਂਟ ਨਾਲ ਸਾਫ਼ ਕੀਤਾ ਜਾਵੇ। ਫਰਨੀਚਰ ਅਤੇ ਅਕਸਰ ਛੂਹੀਆਂ ਜਾਣ ਵਾਲੀਆਂ ਸਤਿਹਾਂ ਅਤੇ ਅਤੇ ਚੀਜ਼ਾਂ ਨੂੰ ਨਿਯਮਤ ਤੌਰ ’ਤੇ ਸਾਫ਼/ ਡਿਸਇਨਫੈਕਟ ਕੀਤਾ ਜਾਵੇ। ਉਪਕਰਨਾਂ (ਕੈਂਚੀ,ਉਸਤਰਾ, ਕੰਘੀ, ਸਟਾਈਲਿੰਗ ਟੂਲਜ਼) ਨੂੰ ਹਰ ਵਰਤੋਂ ਦੇ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕੀਤੇ ਜਾਵੇ। ਕੰਮ ਦੌਰਾਨ ਵਰਤੇ ਜਾਣ ਵਾਲੇ ਕੱਪੜੇ, ਤੌਲੀਏ ਅਤੇ ਸੰਬੰਧਿਤ ਚੀਜ਼ਾਂ ਨੂੰ ਨਿਯਮਿਤ ਤੋਰ ’ਤੇ ਸਾਫ਼ ਕੀਤਾ ਅਤੇ ਧੋਤਾ ਜਾਵੇ।

    LEAVE A REPLY

    Please enter your comment!
    Please enter your name here