ਸਰਹਿੰਦ ਫ਼ਤਹਿ ਦਿਵਸ ਮੌਕੇ ਪੁਰਾਤਨ ਥੇਹ ’ਤੇ ਕੇਸਰੀ ਨਿਸ਼ਾਨ ਸਾਹਿਬ ਸਜਾਇਆ

    0
    146

    ਫਤਹਿਗੜ੍ਹ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

    ਬੁੱਧਵਾਰ ਸ਼ਾਮ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਪੰਜ ਨਿਸ਼ਾਨਚੀ ਸਿੰਘ ਜੈਕਾਰਿਆਂ ਦੀ ਗੂੰਜ ’ਚ ਪੁਰਾਤਨ ਥੇਹ ਵੱਲ ਰਵਾਨਾ ਹੋਏ। ਥੇਹ ’ਤੇ ਪਹੁੰਚ ਕੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵਲੋਂ ਸਰਬੱਤ ਦੇ ਭਲੇ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਜਿਸ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ਼ ’ਚ ਥੇਹ ’ਤੇ ਸਰਹਿੰਦ ਫ਼ਤਹਿ ਦਿਵਸ ਸੰਬੰਧੀ ਕੇਸਰੀ ਨਿਸ਼ਾਨ ਝੁਲਾਇਆ ਗਿਆ।ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਅੰਤਿ੍ਰੰਗ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਨਾਂਦੇੜ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਕੁੱਝ ਸਿੰਘਾਂ ਸਮੇਤ ਭੇਜਿਆ ਸੀ ਜਿਨ੍ਹਾਂ ਚੱਪੜਚਿੜੀ ਦੇ ਮੈਦਾਨ ’ਚ ਮੁਗਲ ਹਕੂਮਤ ਨਾਲ ਜੰਗ ਲੜਕੇ 12 ਮਈ ਨੂੰ ਵਜ਼ੀਰ ਖਾਨ ਮਾਰ ਕੇ 13 ਮਈ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਆ ਕੇ ਪਹਿਲੇ ਸਿੱਖ ਰਾਜ ਦਾ ਕੇਸਰੀ ਨਿਸ਼ਾਨ ਝੁਲਾਇਆ ਸੀ ਅਤੇ ਦਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਸਨ। ਜਿਸ ਕਰਕੇ ਹਰ ਸਾਲ ਸਿੱਖ ਕੌਮ ਅਤੇ ਸ਼੍ਰੋਮਣੀ ਕਮੇਟੀ ਵਲੋਂ ਵੱਡੇ ਪੱਧਰ ’ਤੇ 12 ਤੋਂ 14 ਮਈ ਤਕ ਫ਼ਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਫ਼ਤਹਿ ਦਿਵਸ ਮਨਾਇਆ ਜਾਂਦਾ ਹੈ ਅਤੇ ਵੱਖ-ਵੱਖ ਨਿਹੰਗ ਜੱਥੇਬੰਦੀਆਂ ਵਲੋਂ 13 ਮਈ ਚੱਪੜਚਿੜੀ ਤੋਂ ਫ਼ਤਹਿਗੜ੍ਹ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਇਕੱਠ ਅਤੇ ਕਿਸੇ ਤਰ੍ਹਾਂ ਦੇ ਸਮਾਗਮ ਨਾ ਕਰਨ ਦੇ ਜਾਰੀ ਕੀਤੇ ਆਦੇਸ਼ਾਂ ਮੁਤਾਬਕ ਇਹ ਸਮਾਗਮ ਸਰੀਰਕ ਦੂਰੀ ਰੱਖ ਕੇ ਛੋਟੇ ਪੱਧਰ ’ਤੇ ਮਨਾਏ ਜਾ ਰਹੇ ਹਨ ਤਾਂ ਕਿ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।

    LEAVE A REPLY

    Please enter your comment!
    Please enter your name here