ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ 7 ਅਤੇ 8 ਜਨਵਰੀ ਨੂੰ

    0
    137

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਦਸੰਬਰ ਮਹੀਨੇ ਵਿੱਚ ਕੀਤੇ ਗਏ ਮੁਲਾਂਕਣ ਦੇ ਵਿਸ਼ਲੇਸ਼ਣ ਨੂੰ ਮਾਪਿਆਂ ਨਾਲ ਸਾਂਝਾ ਕਰਨ ਲਈ 7 ਅਤੇ 8 ਜਨਵਰੀ ਨੂੰ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹਰਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਸੰਜੀਵ ਗੌਤਮ ਨੇ ਦੱਸਿਆ ਕਿ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਕਰਵਾਈ ਜਾਣ ਵਾਲੀ ਮਾਪੇ ਅਧਿਆਪਕ ਮਿਲਣੀ ਦਾ ਉਦੇਸ਼ ਜਿੱਥੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਦਸੰਬਰ ਮਹੀਨੇ ਦੇ ਮੁਲਾਂਕਣ ਦੀ ਵਿਸ਼ਾਵਾਰ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣਾ ਹੈ ਉੱਥੇ ਸਕੂਲ ਮੁਖੀਆਂ ਦੁਆਰਾ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਡਾਟਾ ਵਿਸ਼ਲੇਸ਼ਣ ਦੇ ਅਧਾਰ ‘ਤੇ ਕਮਜ਼ੋਰ ਪੱਖਾਂ ਤੋਂ ਵੀ ਉਹਨਾਂ ਨੂੰ ਜਾਣੂ ਕਰਵਾਉਣਾ ਹੈ ਤਾਂ ਕਿ ਭਵਿੱਖ ਵਿੱਚ ਮਾਪਿਆਂ ਦਾ ਸਹਿਯੋਗ ਲੈ ਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

    ਡੀ.ਈ.ਓਜ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਮਿਲਣੀ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਮਿੱਥੇ ਗਏ ਏਜੰਡਿਆਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਸਕਾਰਾਤਮਕ ਪ੍ਰਭਾਵ ਵਾਲੀ ਹੋਵੇ। ਇਸ ਤੋਂ ਇਲਾਵਾ ਜਾਰੀ ਏਜੰਡਿਆਂ ਅਨੁਸਾਰ ਮਿਲਣੀ ਵਿੱਚ ਸਕੂਲ ਮੁਖੀ ਤੇ ਅਧਿਆਪਕ ਮਾਪਿਆਂ ਨੂੰ ਮਿਸ਼ਨ ਸ਼ਤ ਪ੍ਰਤੀਸ਼ਤ, ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਾਰਗੁਜ਼ਾਰੀ, ਵਿਦਿਆਰਥੀਆਂ ਦੀ ਹਾਜ਼ਰੀ, ਰੋਜ਼ਾਨਾ ਹੋਮਵਰਕ ਦੀ ਕਾਰਗੁਜ਼ਾਰੀ ਸੰਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਦੀ ਬਿਹਤਰੀ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਪ੍ਰੋਜੈਕਟਰ ਦੀ ਮਦਦ ਨਾਲ ਮਾਪਿਆਂ ਦੀ ਹਾਜ਼ਰੀ ਵਿੱਚ ਪੇਸ਼ਕਾਰੀ ਨੂੰ ਯਕੀਨੀ ਬਣਾਉਣ।

    ਉਕਤ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਪੇ ਅਧਿਆਪਕ ਮਿਲਣੀ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਕੋਵਿਡ-19 ਤੋਂ ਰੋਕਥਾਮ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਵਿਭਾਗ ਵੱਲੋਂ ਸਮੂਹ ਅਧਿਕਾਰੀਆਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਾਪੇ ਅਧਿਆਪਕ ਮਿਲਣੀ ਨੂੰ ਸਫ਼ਲ ਬਣਾਉਣ ਲਈ ਸਾਂਝੀਆਂ ਥਾਵਾਂ ‘ਤੇ ਅਨਾਊਂਸਮੈਂਟ ਕਰਵਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਲਣੀ ਵਿੱਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ , ਉਹਨਾਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਮਿਡ-ਡੇ-ਮੀਲ ਵਰਕਰਾਂ, ਐੱਸ ਐੱਮ ਸੀ ਮੈਂਬਰਾਂ ਅਤੇ ਹੋਰ ਪਤਵੰਤਿਆਂ ਤੱਕ ਪਹੁੰਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

    ਡੀ.ਈ.ਓਜ਼. ਨੇ ਦੱਸਿਆ ਕਿ ਇਸ ਤੋਂ ਇਲਾਵਾ ਡਾਈਟ ਪ੍ਰਿੰਸੀਪਲ, ਸਮੂਹ ਬਲਾਕ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਵੱਲੋਂ ਮਾਪੇ ਅਧਿਆਪਕ ਮਿਲਣੀ ਵਿੱਚ ਰੈਂਡਮ ਪੱਧਰ ‘ਤੇ ਵਿਜ਼ਟ ਕਰਕੇ ਅਧਿਆਪਕਾਂ ਦੁਆਰਾ ਇਸ ਮਿਲਣੀ ਨੂੰ ਏਜੰਡੇ ਅਨੁਸਾਰ ਨੇਪਰੇ ਚੜ੍ਹਾਉਣਾ ਯਕੀਨੀ ਬਣਾਇਆ ਜਾਵੇਗਾ। ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰ ਮਿਲਣੀ ਵਿੱਚ ਅਧਿਆਪਕਾਂ ਦੇ ਨਾਲ ਸਹਿਯੋਗੀ ਦੇ ਤੌਰ ‘ਤੇ ਹਾਜ਼ਰ ਰਹਿ ਕੇ ਇਕੱਤਰ ਡਾਟੇ ਨੂੰ ਦਰਪਣ ਐਪ ‘ਤੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਦਰਜ਼ ਕਰਨਾ ਯਕੀਨੀ ਬਣਾਉਣਗੇ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.) ਰਾਕੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਸੁਖਵਿੰਦਰ ਸਿੰਘ, ਸਿੱਖਿਆ ਸੁਧਾਰ ਟੀਮ ਦੇ ਮੁਖੀ ਪ੍ਰਿੰ. ਸ਼ੈਲੇਂਦਰ ਠਾਕੁਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

    LEAVE A REPLY

    Please enter your comment!
    Please enter your name here