ਸ਼੍ਰੋਮਣੀ ਅਕਾਲੀ ਦਲ ਦੇ ਰੋਸ ਪ੍ਰਦਰਸ਼ਨ ‘ਤੇ ਭੜਕੇ ਕੈਪਟਨ, ਕਹਿ ਦਿੱਤੀ ਵੱਡੀ ਗੱਲ

    0
    129

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਗੁਆਚੀ ਸਾਖ ਬਹਾਲ ਕਰਨ ਲਈ ਯੋਜਨਾਬੱਧ ਪ੍ਰਦਰਸ਼ਨਾਂ ਦੇ ਜੋ ਨਾਟਕ ਕੀਤੇ ਜਾ ਰਹੇ ਹਨ, ਉਹ ਕਿਸੇ ਕੰਮ ਨਹੀਂ ਆਉਣਗੇ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਅਪਣਾਏ ਦੋਹਰੇ ਮਾਪਦੰਡਾਂ ਦਾ ਭਾਂਡਾ ਫੁੱਟਣ ਕਾਰਨ ਅਕਾਲੀ ਆਪਣਾ ਅਕਸ ਪੂਰੀ ਤਰ੍ਹਾਂ ਖ਼ਰਾਬ ਕਰ ਚੁੱਕੇ ਹਨ।

    ਮੁੱਖ ਮੰਤਰੀ ਨੇ ਕਿਹਾ ਕਿ ਨੈਤਿਕ ਆਧਾਰ ਗੁਆਉਣ ਤੋਂ ਬਾਅਦ ਅਕਾਲੀ ਹੁਣ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ‘ਵੱਧ ਬਿਜਲੀ ਦਰਾਂ, ਤੇਲ ਉਤੇ ਵੱਧ ਟੈਕਸ ਤੇ ਅਮਨ-ਕਾਨੂੰਨ ਦੀ ਹਾਲਤ’ ਬਾਰੇ ਅਕਾਲੀਆਂ ਦੇ ਦਾਅਵਿਆਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਅਕਾਲੀ ਦਲ ਹੀ ਹੈ ਜਿਸ ਨੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਭਿਆਲੀ ਨਾਲ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਨੂੰ ਅਜਿਹੇ ਹਾਲਾਤ ਵਿਚ ਧੱਕ ਦਿੱਤਾ ਹੈ ਜਿਸ ਨੂੰ ਪੰਜਾਬੀ ਕਦੇ ਭੁੱਲ ਨਹੀਂ ਸਕਦੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਅਕਾਲੀਆਂ ਦੇ ਹਨੇਰਗਰਦੀ ਵਾਲੇ ਨਿਜ਼ਾਮ ਦੇ ਉਲਟ ਕਾਂਗਰਸ ਸਰਕਾਰ ਦੇ ਪਿਛਲੇ ਚਾਰ ਸਾਲਾਂ ਵਿਚ ਵਿਆਪਕ ਪੱਧਰ ਉਤੇ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨ ਦੌਰਾਨ ਅਮਨ-ਕਾਨੂੰਨ ਦੀ ਹਾਲਤ ਢਹਿ-ਢੇਰੀ ਹੋ ਗਈ ਸੀ ਜਦੋਂ ਗੈਂਗਸਟਰ ਤੇ ਗੁੰਡੇ ਸੂਬੇ ਦੀਆਂ ਗਲੀਆਂ ਵਿਚ ਸ਼ਰੇਆਮ ਫਿਰਦੇ ਸਨ ਜਦੋਂਕਿ ਪੰਜਾਬ ਨੂੰ ਹੁਣ ਅਜਿਹੇ ਅਨਸਰਾਂ ਤੋਂ ਰਾਹਤ ਮਿਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਜ਼ਮੀਨੀ ਪੱਧਰ ’ਤੇ ਤਬਦੀਲੀ ਵੇਖ ਸਕਦੇ ਹਨ ਜਿੱਥੇ ਨਸ਼ੇ ਅਤੇ ਮਾਫੀਆਂ ਨੇ ਪਾਰਦਰਸ਼ੀ ਸ਼ਾਸਨ ਅੱਗੇ ਗੋਡੇ ਟੇਕ ਦਿੱਤੇ ਹਨ।

    ਕੈਪਟਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਫਰੇਬ ਵਾਲੀ ਸਿਆਸੀ ਦੂਸ਼ਣਬਾਜ਼ੀ ਰਾਹੀਂ ਪੰਜਾਬ ਵਿੱਚ ਮੁੜ ਆਪਣੀ ਸਿਆਸੀ ਧਰਾਤਲ ਸਥਾਪਤ ਕਰਨ ਦੇ ਕੋਝੇ ਯਤਨ ਕਰ ਰਿਹਾ ਹੈ ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਪੰਜਾਬੀਆਂ ਨੇ ਅਕਾਲੀ-ਭਾਜਪਾ ਹਾਕਮਾਂ ਦੇ ਸ਼ਾਸਨ ਨੂੰ ਨਾ ਤਾਂ ਭੁਲਾਇਆ ਹੈ ਤੇ ਨਾ ਅਕਾਲੀਆਂ ਨੂੰ ਮੁਆਫ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਨੂੰ ਲੋਕਾਂ ਨੇ 10 ਸਾਲ ਭੁਗਤਿਆ ਹੈ। ਇਥੋਂ ਦੇ ਲੋਕਾਂ ਨੇ ਇਨ੍ਹਾਂ ਪਾਰਟੀਆਂ ਦੇ ਦੋਹਰੇ ਚਿਹਰੇ ਨੂੰ ਪਛਾਣ ਲਿਆ ਹੈ ਅਤੇ ਹੁਣ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।

    LEAVE A REPLY

    Please enter your comment!
    Please enter your name here