ਸ਼ਿਵ ਬਟਾਲਵੀ ਨੂੰ 47ਵੀਂ ਬਰਸੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਘੀ ਸ਼ਰਧਾਂਜਲੀ:

    0
    114

    ਬਟਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਟਾਲਾ : ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 47ਵੀਂ ਬਰਸੀ ਮੌਕੇ ਬਟਾਲਾ ਵਾਸੀਆਂ ਨੇ ਉਨ੍ਹਾਂ ਨੂੰ ਨਿੱਘੀ ਸ਼ਰਧਾਜਲੀ ਦਿੱਤੀ ਹੈ। ਕੋਵਿਡ-19 ਕੋਰੋਨਾ ਵਾਇਰਸ ਦੇ ਚੱਲਦਿਆਂ ਭਾਂਵੇ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਕੋਈ ਜਨਤਕ ਸਮਾਗਮ ਤਾਂ ਨਹੀਂ ਹੋ ਸਕਿਆ ਪਰ ਬਟਾਲਾ ਵਾਸੀਆਂ ਨੇ ਆਪਣੇ ਘਰਾਂ ਵਿੱਚ ਰਹਿ ਕੇ ਹੀ ਆਪਣੇ ਪਿਆਰੇ ਸ਼ਾਇਰ ਨੂੰ ਯਾਦ ਕੀਤਾ ਹੈ।

    ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਵੀ ਪੰਜਾਬੀ ਮਾਂ ਬੋਲੀ ਦੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਦਿੱਤੀ। ਅੱਜ ਐੱਸ.ਡੀ.ਐੱਮ. ਦਫ਼ਤਰ ਵਿਖੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਨੂੰ ਸਮਰਪਿਤ ਇੱਕ ਸੰਕੇਤਕ ਤੇ ਸਾਦਾ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ।

    ਸ਼ਿਵ ਬਟਾਲਵੀ ਨੂੰ 47ਵੀਂ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਿਵ ਬਟਾਲਵੀ ਪੰਜਾਬੀ ਮਾਂ ਬੋਲੀ ਦਾ ਉਹ ਲਾਡਲਾ ਸ਼ਾਇਰ ਹੈ ਜੋ ਹਮੇਸ਼ਾਂ ਲੋਕ ਮਨਾਂ ਵਿੱਚ ਜਿਊਂਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਆਪਣੀ ਛੋਟੀ ਜਿਹੀ ਉਮਰੇ ਸ਼ਿਵ ਕੁਮਾਰ ਨੇ ਅਜਿਹੀਆਂ ਸ਼ਾਹਕਾਰ ਰਚਨਾਵਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ, ਜਿਸ ਨੇ ਪੰਜਾਬੀ ਸਾਹਿਤ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ। ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਸਭ ਤੋਂ ਛੋਟੀ ਉਮਰ ਵਿੱਚ ਸਾਹਿਤ ਅਕਾਦਮੀ ਦਾ ਸਨਮਾਨ ਹਾਸਲ ਕਰਨ ਵਾਲਾ ਸ਼ਿਵ ਕੁਮਾਰ ਬਟਾਲਵੀ ਅਜਿਹਾ ਜਾਦੂਮਈ ਸ਼ਾਇਰ ਸੀ ਕਿ ਉਹ ਬੁੱਲੇ ਸ਼ਾਹ ਤੇ ਵਾਰਸ ਸ਼ਾਹ ਤੋਂ ਬਾਅਦ ਸਭ ਤੋਂ ਵੱਧ ਗਾਇਆ ਜਾਣ ਵਾਲਾ ਪੰਜਾਬੀ ਸ਼ਾਇਰ ਹੈ। ਉਨਾਂ ਨੇ ਕਿਹਾ ਕਿ ਬਟਾਲਾ ਵਾਸੀਆਂ ਨੂੰ ਇਹ ਮਾਣ ਹੈ ਕਿ ਬਿਰਹਾ ਦਾ ਸੁਲਤਾਨ ਉਨਾਂ ਦੇ ਬਟਾਲਾ ਸ਼ਹਿਰ ਦਾ ਵਾਸੀ ਸੀ। ਉਨ੍ਹਾਂ ਨੇ ਕਿਹਾ ਕਿ ਸ਼ਿਵ ਬਟਾਲਵੀ ਆਪਣੀਆਂ ਰਚਨਾਵਾਂ ਨਾਲ ਹਮੇਸ਼ਾਂ ਲੋਕ ਮਨਾਂ ਵਿੱਚ ਜਿਊਂਦੇ ਰਹਿਣਗੇ।

    ਇਸ ਤੋਂ ਪਹਿਲਾਂ ਲੋਕ ਸੰਪਰਕ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ ਨੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਚਾਨਣਾ ਪਾਇਆ।

    ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਬੀ.ਡੀ.ਪੀ.ਓ. ਬਟਾਲਾ ਅਮਨਦੀਪ ਕੌਰ, ਲੋਕ ਸੰਪਰਕ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ, ਪੰਚਾਇਤ ਅਫ਼ਸਰ ਮਨਜਿੰਦਰ ਸਿੰਘ, ਸੁਪਰਡੈਂਟ ਨਗਰ ਨਿਗਮ ਨਿਰਮਲ ਸਿੰਘ, ਐੱਸ.ਡੀ.ਓ. ਨਗਰ ਨਿਗਮ ਸ. ਕਲਸੀ, ਕਾਦੀਆਂ ਤੋਂ ਅਹਿਮਦੀਆ ਭਾਈਚਾਰੇ ਦੇ ਸਕੱਤਰ ਜਨਾਬ ਫਜ਼ਲ-ਉੱਲ-ਰਹਿਮਾਨ ਭੱਟੀ ਅਤੇ ਦਫ਼ਤਰ ਦੇ ਸਟਾਫ਼ ਨੇ ਸ਼ਿਵ ਕੁਮਾਰ ਬਟਾਲਵੀ ਦੀ ਤਸਵੀਰ ਉੱਪਰ ਫੁੱਲ ਚੜਾ ਕੇ ਸ਼ਰਧਾਂਜਲੀ ਦਿੱਤੀ।

    LEAVE A REPLY

    Please enter your comment!
    Please enter your name here