ਲੁੱਟ ‘ਚ ਨਾਕਾਮ ਰਹਿਣ ‘ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਓ ਪੁੱਤ ‘ਤੇ ਚਲਾਈ ਗੋਲੀ, ਪੁੱਤ ਜ਼ਖ਼ਮੀ

    0
    123

    ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਜ਼ਿਆਦਾਤਰ ਸੜਕਾਂ ‘ਤੇ ਰਾਤ ਵੇਲੇ ਸੁੰਨਸਾਨ ਹੁੰਦਿਆਂ ਹੀ ਹਥਿਆਰਬੰਦ ਲੁਟੇਰੇ ਸਰਗਰਮ ਹੋ ਜਾਂਦੇ ਹਨ। ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਦਰਮਿਆਨ ਬੀਤੀ ਰਾਤ ਫਿਰੋਜ਼ਪੁਰ ਦੇ ਪਿੰਡ ਸੋਢੇ ਵਾਲਾ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ‘ਚ ਨਾਕਾਮ ਰਹਿਣ ‘ਤੇ ਚਲਾਈ ਗੋਲੀ ਨਾਲ ਇਕ ਵਿਅਕਤੀ ਦੇ ਗੰਭੀਰ ਜ਼ਖਮੀਂ ਹੋਣ ਦੀ ਖਬਰ ਹੈ। ਜ਼ਖ਼ਮੀ ਵਿਅਕਤੀ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ 379-ਬੀ ਆਈਪਸੀ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਕਾਸ਼ਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਵਾਹਕਾ ਮੋੜ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਹੀ ਹਰਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਦੀ ਗੱਡੀ ‘ਤੇ ਡਰਾਈਵਰ ਲੱਗਾ ਹੋਇਆ ਹੈ।

    ਬੀਤੀ ਰਾਤ ਨੂੰ ਕਣਕ ਲੋਡ ਕਰਕੇ ਟਰੱਕ ਮੱਖੂ ਗੇਟ ਫਿਰੋਜ਼ਪੁਰ ਛੱਡ ਕੇ ਆਪਣੇ ਪਿਤਾ ਨਾਲ ਵਾਪਸ ਮੋਟਰਸਾਈਕਲ ‘ਤੇ ਪਿੰਡ ਨੂੰ ਜਾ ਰਹੇ ਸੀ, ਜਦ ਉਹ ਪਿੰਡ ਸੋਢੇਵਾਲਾ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ ਉਨ੍ਹਾਂ ਦੇ ਬਰਾਬਰ ਲਿਆ ਕੇ ਆਖਿਆ ਕਿ ਜੋ ਕੁਝ ਤੁਹਾਡੇ ਕੋਲ ਹੈ, ਸਾਨੂੰ ਦੇ ਦਿਓ। ਅਕਾਸ਼ ਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਲਜੀਤ ਸਿੰਘ ਵੱਲੋਂ ਵਿਰੋਧ ਕਰਨ ‘ਤੇ ਮੋਟਰਸਾਈਕਲ ਪਿੱਛੇ ਬੈਠੇ ਅਣਪਛਾਤੇ ਵਿਅਕਤੀ ਨੇ ਦਸਤੀ ਦੇਸੀ ਕੱਟੇ ਦਾ ਫਾਇਰ ਕੀਤਾ ਜੋ ਉਸ ਦੀ ਸੱਜੀ ਲੱਤ ‘ਤੇ ਲੱਗਾ। ਵਾਰਦਾਤ ਨੂੰ ਅੰਜਾਮ ਦਿੰਦਿਆਂ ਹੀ ਦੋਸ਼ੀਅਨ ਮੌਕੇ ਤੋਂ ਫ਼ਰਾਰ ਹੋ ਗਏ। ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

     

    LEAVE A REPLY

    Please enter your comment!
    Please enter your name here