ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਤਰੀਕ ਐਲਾਨੀ

    0
    139

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ (ਆਰ.ਆਈ.ਐਮ.ਸੀ.), ਦੇਹਰਾਦੂਨ ਦੇ ਜੁਲਾਈ, 2022 ਦੇ ਸ਼ੈਸ਼ਨ ਵਿਚ ਦਾਖਲੇ ਲਈ ਲਿਖਤੀ ਪ੍ਰਵੇਸ਼ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ 18 ਦਸੰਬਰ 2021 (ਸ਼ਨੀਵਾਰ) ਨੂੰ ਹੋਵੇਗੀ।

    ਇਹ ਜਾਣਕਾਰੀ ਦਿੰਦੇ ਹੋਏ ਰੱਖਿਆ ਸੇਵਾਵਾਂ ਭਲਾਈ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੋੜੀਂਦੇ ਦਸਤਾਵੇਜ਼ ਸਮੇਤ ਮੁਕੰਮਲ ਅਰਜ਼ੀਆਂ (ਦੋ ਪਰਤਾਂ ਵਿੱਚ) ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਪੰਜਾਬ ਸੈਨਿਕ ਭਵਨ ਸੈਕਟਰ 21-ਡੀ, ਚੰਡੀਗੜ੍ਹ ਵਿਖੇ 30 ਅਕਤੂਬਰ, 2021 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। 30 ਅਕਤੂਬਰ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।ਬੁਲਾਰੇ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਲੜਕੇ ਅਪਲਾਈ ਕਰ ਸਕਦੇ ਹਨ। ਪ੍ਰੀਖਿਆ ਵਿਚ ਬੈਠਣ ਲਈ ਉਮੀਦਵਾਰ ਦੀ ਉਮਰ ਸਾਢੇ ਗਿਆਰਾਂ ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਪਰ 01 ਜੁਲਾਈ, 2022 ਦੇ ਮੁਤਾਬਕ 13 ਸਾਲ ਤੋਂ ਵੱਧ ਵੀ ਨਾ ਹੋਵੇ। ਮਿਸਾਲ ਦੇ ਤੌਰ ਉਤੇ ਉਮੀਦਵਾਰ ਦੀ ਜਨਮ ਮਿਤੀ 02 ਜੁਲਾਈ, 2009 ਤੋਂ 01 ਜਨਵਰੀ, 2011 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿਚ ਪੜ੍ਹਦਾ ਹੋਵੇ ਜਾਂ 7ਵੀਂ ਪਾਸ ਹੋਵੇ। ਚੁਣੇ ਹੋਏ ਉਮੀਦਵਾਰ ਨੂੰ 8ਵੀਂ ਜਮਾਤ ਵਿਚ ਦਾਖਲਾ ਦਿੱਤਾ ਜਾਵੇਗਾ। ਇਮਿਤਹਾਨ ਦੇ ਲਿਖਤੀ ਹਿੱਸੇ ਵਿਚ ਅੰਗਰੇਜ਼ੀ, ਹਿਸਾਬ ਅਤੇ ਸਾਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ, ਜਿਹੜੇ ਲਿਖਤੀ ਪ੍ਰੀਖਿਆ ਵਿਚ ਪਾਸ ਹੋਣਗੇ, ਉਨ੍ਹਾਂ ਦਾ ਜ਼ੁਬਾਨੀ ਪ੍ਰੀਖਿਆ ਬਾਰੇ ਜਲਦੀ ਹੀ ਸੂਚਿਤ ਕੀਤਾ ਜਾਵੇਗਾ।

    ਬੁਲਾਰੇ ਨੇ ਅੱਗੇ ਦੱਸਿਆ ਕਿ ਬਿਨੈ-ਪੱਤਰ, ਪ੍ਰਾਸਪੈਕਟਸ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦੇ ਸੈੱਟ ਕਮਾਂਡੈਂਟ ਆਰ.ਆਈ.ਐਮ.ਸੀ. ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600/- ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555/- ਰੁਪਏ ਦਾ ਬੈਂਕ ਡਰਾਫਟ ‘ਕਮਾਂਡੈਂਟ, ਆਰ.ਆਈ.ਐਮ.ਸੀ., ਦੇਹਰਾਦੂਨ’ ਸਟੇਟ ਬੈਂਕ ਆਫ ਇੰਡੀਆ ਤੇਲ ਭਵਨ (ਕੋਡ 01576) ਦੇਹਰਾਦੂਨ) ਭੇਜ ਕੇ ਮੰਗਵਾਏ ਜਾ ਸਕਦੇ ਹਨ। ਆਨਲਾਈਨ ਅਦਾਇਗੀ ਪ੍ਰਾਸਪੈਕਟ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਮਿਲਟਰੀ ਕਾਲਜ ਦੀ ਵੈੱਬਸਾਈਟ www.rimc.gov.in ਉੱਤੇ ਜਨਰਲ ਉਮੀਦਵਾਰ ਲਈ 600/- ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555/- ਰੁਪਏ ਦੀ ਆਨਲਾਈਨ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਅਦਾਇਗੀ ਪ੍ਰਾਪਤ ਹੋਣ ਉਪਰੰਤ ਪ੍ਰਾਸਪੈਕਟ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਸਪੀਡ ਪੋਸਟ ਰਾਹੀਂ ਭੇਜਿਆ ਜਾਵੇਗਾ।

    LEAVE A REPLY

    Please enter your comment!
    Please enter your name here