ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦਾ ਸਦਾ ਰਿਣੀ ਰਹੇਗਾ ਲੋਕ ਸੰਪਰਕ ਵਿਭਾਗ !

    0
    139

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

    ਅੰਮ੍ਰਿਤਸਰ : ਅੱਜ ਅੰਮ੍ਰਿਤ ਵੇਲੇ ਸਾਰਿਆਂ ਨੂੰ ਸਰੀਰਕ ਵਿਛੋੜਾ ਦੇਣ ਵਾਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਜਿੱਥੇ ਸਮੁੱਚੀ ਮਨੁੱਖਤਾ ਖ਼ਾਸ ਕਰਕੇ ਸਿੱਖ ਸੰਗਤ ਦੇ ਚੇਤਿਆਂ ਵਿੱਚ ਸਦਾ ਵਸੇ ਰਹਿਣਗੇ ਉੱਥੇ ਸਾਡਾ ਲੋਕ ਸੰਪਰਕ ਵਿਭਾਗ ਉਨ੍ਹਾਂ ਦਾ ਸਦਾ ਰਿਣੀ ਰਹੇਗਾ।

    ਗੱਲ ਦੋ ਸਾਲ ਪੁਰਾਣੀ ਹੈ। ਮੌਕਾ ਸੀ 2018 ਦੀ ਗਣਤੰਤਰ ਦਿਵਸ ਪਰੇਡ ਦਾ। ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਲੰਗਰ ਦੀ ਸੇਵਾ ਉਪਰ ਤਿਆਰ ਕੀਤੀ ਪੰਜਾਬ ਵੱਲੋਂ ਤਿਆਰ ਕੀਤੀ ਝਾਕੀ ‘ਸੰਗਤ ਤੇ ਪੰਗਤ’ ਦੀ ਚੋਣ ਹੋਈ ਸੀ। ਲੋਕ ਸੰਪਰਕ ਵਿਭਾਗ ਇਸ ਝਾਕੀ ਨੂੰ ਤਿਆਰ ਕਰਦਾ ਹੈ। ਆਖਰ ਵਿੱਚ ਪੇਚਾ ਇਸ ਗੱਲ ਦਾ ਅੜ ਗਿਆ ਕਿ ਸਕੀਰਨਿੰਗ ਕਮੇਟੀ ਨੂੰ ਝਾਕੀ ਨੂੰ ਰਾਜਪਥ ਉਤੇ 50-55 ਸਕਿੰਟ ਦੇ ਸਮੇਂ ਦੌਰਾਨ ਗੁਜ਼ਰਦਿਆਂ ਬੈਕਗਰਾਊਂਡ ਵਿੱਚ ਚਲਾਏ ਜਾਣ ਵਾਲੇ ਸ਼ਬਦ ਦਾ ਸੰਗੀਤ ਤੰਤੀ ਸਾਜ਼ਾਂ ਵਿੱਚ ਚਾਹੀਦਾ ਸੀ।

    ਉਸ ਵੇਲੇ ਸਾਡੇ ਸੀਨੀਅਰ ਸਾਥੀ ਰਣਦੀਪ ਸਿੰਘ ਆਹਲੂਵਾਲੀਆ ਜੋ ਇਸ ਪ੍ਰਾਜੈਕਟ ਦੇ ਇੰਚਾਰਜ ਸਨ, ਨੇ ਆਪਣੇ ਭਰਾਵਾਂ ਵਰਗੇ ਮਿੱਤਰ ਸ ਦਲਮੇਘ ਸਿੰਘ ਖੱਟੜਾ ਅਤੇ ਦੋਸਤਾਂ ਵਰਗੇ ਵੱਡੇ ਭਰਾ ਖਾਲਸਾ ਜੀ ਦੀ ਭਾਈ ਨਿਰਮਲ ਸਿੰਘ ਜੀ ਨਾਲ ਨਿੱਜੀ ਸਾਂਝ ਦੇ ਚੱਲਦਿਆਂ ਉਨ੍ਹਾਂ ਕੋਲ ਸ਼ਬਦ ਦੀ ਰਿਕਾਰਡਿੰਗ ਲਈ ਬੇਨਤੀ ਕੀਤੀ।ਉਸ ਵੇਲੇ ਭਾਈ ਨਿਰਮਲ ਸਿੰਘ ਜੀ ਝਾਰਖੰਡ ਜਾਣ ਲਈ ਹਵਾਈ ਅੱਡੇ ਵੱਲ ਜਾਣ ਦੀ ਤਿਆਰੀ ਕਰ ਰਹੇ ਸਨ।

    ਸਮਾਂ ਬਹੁਤ ਸੀਮਤ ਸੀ ਅਤੇ ਸਮੇਂ ਦੀ ਨਜ਼ਾਕਤ ਦੇਖਦਿਆਂ ਭਾਈ ਨਿਰਮਲ ਸਿੰਘ ਜੀ ਕੋਲ ਸਾਡੇ ਵਿਭਾਗ ਦੀ ਟੀਮ ਨੇ ਆਰਟ ਐਗਜੇਕਟਿਵ ਹਰਦੀਪ ਸਿੰਘ ਦੀ ਅਗਵਾਈ ਵਿੱਚ ਉਸ ਵੇਲੇ ਥੋੜੇ ਅਰਸੇ ਵਿੱਚ ਹੀ ਸ਼ਬਦ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ‘ ਦੀ ਰਿਕਾਰਡਿੰਗ ਕਰਵਾਈ। ਉਸ ਤੋਂ ਬਾਅਦ 26 ਜਨਵਰੀ 2018 ਨੂੰ ਰਾਜਪਥ ਉਤੇ ਪੰਜਾਬ ਦੀ ਝਾਕੀ ‘ਸੰਗਤ ਤੇ ਪੰਗਤ’ ਦੇ ਗੁਜ਼ਰਨ ਮੌਕੇ ਭਾਈ ਨਿਰਮਲ ਸਿੰਘ ਜੀ ਦੀ ਰਸ ਭਿੰਨੀ ਆਵਾਜ਼ ਨਾਲ ਰਿਕਾਰਡ ਹੋਏ ਸ਼ਬਦ ਨਾਲ ਜਿਹੜਾ ਰੂਹਾਨੀਅਤ ਦਾ ਦਰਿਆ ਵਗਿਆ ਉਸ ਵਿੱਚ ਹਰ ਸੁਣਨ ਵੇਖਣ ਵਾਲੇ ਨੇ ਚੁੱਭੀ ਮਾਰੀ।

    ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨੇ ਜਾਣ ਵਾਲੇ ਭਾਈ ਨਿਰਮਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹਜ਼ੂਰੀ ਰਾਗੀ ਸਨ। ਭਾਈ ਨਿਰਮਲ ਸਿੰਘ ਜੀ ਸਦਾ ਚੇਤਿਆਂ ਵਿੱਚ ਵਸੇ ਰਹਿਣਗੇ। ਉਹ ਆਪਣੀ ਆਵਾਜ਼ ਨਾਲ ਸਦਾ ਸਾਡੇ ਵਿੱਚ ਜਿਉਂਦੇ ਰਹਿਣਗੇ ਅਤੇ ਉਨ੍ਹਾਂ ਦਾ ਰਸ-ਭਿੰਨਾ ਕੀਰਤਨ ਸਦੀਵੀਂ ਸਾਡੇ ਕੰਨਾਂ ਵਿੱਚ ਰਸ ਘੋਲਦਾ ਰਹੇਗਾ।

     

    LEAVE A REPLY

    Please enter your comment!
    Please enter your name here