ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਵੱਲੋਂ ਮੋਤੀ-ਮਹਿਲ ਦਾ ਘਿਰਾਓ ਮੁਲਤਵੀ:

    0
    139

    ਪਟਿਆਲਾ, ਜਨਗਾਥਾ ਟਾਇਮਜ਼: (ਸਿਮਰਨ)

    ਪਟਿਆਲਾ : ਕਰੋਨਾ-ਵਾਇਰਸ ਨੂੰ ਲੈ ਕੇ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖਦਿਆਂ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ 20 ਮਾਰਚ ਨੂੰ ਕੀਤਾ ਜਾਣ ਵਾਲਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਮੁਲਤਵੀ ਕਰ ਦਿੱਤਾ ਹੈ।

    ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਪ੍ਰੈੱਸ ਬਿਆਨ ਰਾਹੀਂ ਦਸਿਆ ਕਿ ਪਟਿਆਲਾ ਦੇ ਜਿਲ੍ਹਾ-ਪ੍ਰਸ਼ਾਸਨ ਨੇ ਮੁੱਖ-ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈੱਨਲ-ਮੀਟਿੰਗ ਦਾ ਭਰੋਸਾ ਦਿੱਤਾ ਹੈ, ਜਿਸ ਕਰਕੇ ਕਰੋਨਾ-ਵਾਇਰਸ ਸਬੰਧੀ ਸਰਕਾਰ ਦੀਆਂ ਹਦਾਇਤਾਂ ਅਤੇ ਜਨਤਕ-ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਸੂਬਾ-ਕਮੇਟੀ ਨੇ ਇਕੱਠ ਨਾ ਕਰਨ ਦਾ ਫੈਸਲਾ ਲਿਆ ਹੈ। ਪਰ 31 ਮਾਰਚ ਤੋਂ ਬਾਅਦ ਮੁੜ ਸੂਬਾ-ਕਮੇਟੀ ਦੀ ਮੀਟਿੰਗ ਕਰਕੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।

    ਆਗੂਆਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਜਿਲ੍ਹਾ-ਪ੍ਰਬੰਧਕੀ ਕੰਪਲੈਕਸ ਸਾਹਮਣੇ ਪੱਕਾ,-ਧਰਨਾ ਲਾ ਕੇ ਬੈਠੇ ਬੇਰੁਜ਼ਗਾਰ ਬੀਐੱਡ ਅਧਿਆਪਕ 15 ਹਜ਼ਾਰ ਅਧਿਆਪਕ ਅਸਾਮੀਆਂ ਭਰਨ ਦੀ ਮੰਗ ਕਰ ਰਹੇ ਹਨ । 11 ਮਾਰਚ ਨੂੰ ਮੋਤੀ-ਮਹਿਲ ਦਾ ਘਿਰਾਓ ਕਰਕੇ ਪਟਿਆਲਾ ਵਿਖੇ ਜ਼ੋਰਦਾਰ ਰੋਸ-ਪ੍ਰਦਰਸ਼ਨ ਵੀ ਕੀਤਾ ਗਿਆ ਸੀ।

    ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ ਪੰਜਾਬੀ ਦੀਆਂ 60, ਹਿੰਦੀ ਦੀਆਂ 40 ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ 52 ਅਸਾਮੀਆਂ ਦਾ ਬਾਰਡਰ-ਕੇਡਰ ਆਧਾਰਿਤ ਇਸ਼ਤਿਹਾਰ ਜਾਰੀ ਕਰਕੇ ਸਬੰਧਤ ਵਿਸ਼ਿਆਂ ਦੇ ਕਰੀਬ 35 ਹਜ਼ਾਰ ਟੈਸਟ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ।

    ਟੈਸਟ ਪਾਸ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਭਰਤੀ ਲਈ ਨਿਰਧਾਰਤ ਉਮਰ-ਸੀਮਾ ਲੰਘਾ ਚੁੱਕੇ ਹਨ, ਪਰ ਸਰਕਾਰ ਭਰਤੀ ਲਈ ਉਮਰ-ਹੱਦ ਵਧਾ ਕੇ 37 ਤੋਂ ਵਧਾ ਕੇ 42 ਸਾਲ ਕਰਨ ਤੋਂ ਟਾਲ਼ਾ ਵੱਟ ਰਹੀ ਹੈ। ਪੀਐੱਚਡੀ, ਐਮਫਿਲ, ਬੀਐੱਡ, ਐਮ.ਐੱਡ ਅਤੇ ਟੈੱਟ, ਨੈੱਟ ਪਾਸ ਕਰਨ ਦੇ ਬਾਵਜੂਦ ਨੌਜਵਾਨ ਸੜਕਾਂ ‘ਤੇ ਡਾਂਗਾਂ ਦਾ ਸੇਕ ਝੱਲਣ ਲਈ ਮਜ਼ਬੂਰ ਹਨ।

    ਗ੍ਰਹਿ-ਜਿਲ੍ਹਿਆਂ ਤੋਂ ਸੈਂਕੜੇ ਕਿਲੋਮੀਟਰ ਦੂਰ 10 ਹਜ਼ਾਰ ਰੁਪਏ ‘ਤੇ ਭਰਤੀ ਕਰਕੇ ਪੰਜਾਬ ਸਰਕਾਰ ਟੈੱਟ ਪਾਸ ਉਮੀਦਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਸੰਤਾਪ ‘ਚ ਧੱਕਣਾ ਚਾਹੰਦੀ ਹੈ। ਉਹਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲ਼ੇ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਅਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਹੁਣ ਵਾਅਦੇ ਨਿਭਾਉਣ ਦੀ ਬਜਾਏ ਪੜ੍ਹੇ-ਲਿਖੇ ਨੌਜਵਾਨਾਂ ਨੂੰ ਲਾਠੀਚਾਰਜ ਕਰਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

    ਇਹ ਹਨ ਮੰਗਾਂ :-

    1- ਬੀਐੱਡ ਟੈੱਟ ਪਾਸ ਉਮੀਦਵਾਰਾਂ ਦੀ ਭਰਤੀ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।

    2- ਨੌਕਰੀ ਲਈ ਉਮਰ-ਹੱਦ 37 ਤੋਂ 42 ਸਾਲ ਕੀਤਾ ਜਾਵੇ।

    3- ਬਾਰਡਰ-ਕੇਡਰ ਬਣਾਉਣ ਦਾ ਫੈਸਲਾ ਤੁਰੰਤ ਵਾਪਸ ਲੈਂਦਿਆਂ ਭਰਤੀ ਪੂਰੇ ਪੰਜਾਬ ਦੇ ਸਕੂਲਾਂ ਲਈ ਕੀਤੀ ਜਾਵੇ।

    4- ਗ੍ਰੈਜੂਏਸ਼ਨ ‘ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਪੱਕੇ ਤੌਰ ‘ਤੇ ਖ਼ਤਮ ਕੀਤੀ ਜਾਵੇ।

    5- ਸਮਾਜਿਕ ਸਿੱਖਿਆ ਦੇ ਵਿਸ਼ਾ ਟੈਸਟ ਲਈ ਗ੍ਰੈਜੂਏਸ਼ਨ ਦੇ ਵਿਸ਼ੇ ਪਹਿਲਾਂ ਹੋਈਆਂ ਭਰਤੀ ਮੁਤਾਬਿਕ ਵਿਚਾਰੇ ਜਾਣ।

    6- ਜਦੋਂ ਤੱਕ ਟੈੱਸਟ ਪਾਸ ਉਮੀਦਵਾਰਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।

    7- ਨਜ਼ਾਇਜ਼ ਭਰਤੀ ਸ਼ਰਤਾਂ ਕਾਰਨ ਖੁਦਕੁਸ਼ੀ ਕਰ ਗਏ ਜਗਸੀਰ ਸਿੰਘ, ਚੱਕ ਭਾਈਕਾ-ਮਾਨਸਾ ਦੇ ਪਰਿਵਾਰ ਨੂੰ 10 ਲੱਖ ਰੁਪਏ ਵਿੱਤੀ ਸਹਾਇਤਾ ਅਤੇ ਇੱਕ ਨੌਕਰੀ ਦਿੱਤੀ ਜਾਵੇ।

    LEAVE A REPLY

    Please enter your comment!
    Please enter your name here