ਬਾਰ ਐਸੋਸੀਏਸ਼ਨ ਨੇ ਵਧਾਈਆਂ ਬਹਿਬਲ ਕਲਾਂ ਗੋਲ਼ੀਕਾਂਡ ਦੇ ਮੁਲਜ਼ਮ ਪੁਲਿਸ ਅਫ਼ਸਰਾਂ ਦੀਆਂ ਮੁਸ਼ਕਲਾਂ

    0
    142

    ਫ਼ਰੀਦਕੋਟ(ਜਨਗਾਥਾ ਟਾਈਮਜ਼)  ਬਹਿਬਲ ਕਲਾਂ ਗੋਲ਼ੀਕਾਂਡ ਦੇ ਤਿੰਨ ਮੁਲਜ਼ਮ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਫੈਸਲਾ ਦੋ ਦਿਨ ਬਾਅਦ ਯਾਨੀ ਪਹਿਲੀ ਫਰਵਰੀ ਆ ਸਕਦਾ ਹੈ। ਦਰਅਸਲ, ਬਾਰ ਐਸੋਸੀਏਸ਼ਨ ਦੀ ਹੜਤਾਲ ਕਾਰਨ ਤਿੰਨੇ ਪੁਲਿਸ ਅਧਿਕਾਰੀਆਂ ਦੀਆਂ ਅਰਜ਼ੀਆਂ ‘ਤੇ ਬਹਿਸ ਸ਼ੁੱਕਰਵਾਰ ਨੂੰ ਹੋਵੇਗੀ। ਪਹਿਲਾਂ ਤੋਂ ਹੀ ਜ਼ਮਾਨਤ ਲਈ ਤਰਲੋਮੱਛੀ ਹੋ ਰਹੇ ਪੁਲਿਸ ਅਧਿਕਾਰੀਆਂ ਦੀਆਂ ਮੁਸ਼ਕਲਾਂ ਹੁਣ ਹੋਰ ਵਧ ਗਈਆਂ ਹਨ। ਤਿੰਨਾਂ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਯਾਨੀ ਬੁੱਧਵਾਰ ਨੂੰ ਫੈਸਲਾ ਆਉਣਾ ਸੀ, ਪਰ ਹੁਣ ਸੁਣਵਾਈ ਦੋ ਦਿਨ ਲਈ ਟਲ ਗਈ ਹੈ।

    ਜ਼ਿਕਰਯੋਗ ਹੈ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਅਗਸਤ 2018 ਵਿੱਚ ਥਾਣਾ ਬਾਜਾਖਾਨਾ ਵਿੱਚ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ ‘ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਚਰਨਜੀਤ ਸਿੰਘ ਸ਼ਰਮਾ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ ਐਸਪੀ ਬਿਕਰਮਜੀਤ ਤੇ ਇੰਸਪੈਕਰਟ ਪ੍ਰਦੀਪ ਸਿੰਘ ਨੇ ਬੀਤੇ ਸੋਮਵਾਰ ਤੇ ਸਬ ਇੰਸਪੈਕਰਟ ਤੇ ਤਤਕਾਲੀ ਥਾਣਾ ਮੁਖੀ ਅਮਰਜੀਤ ਸਿੰਘ ਕੁਲਾਰ ਨੇ ਬੀਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਹੋਈ ਹੈ। ਪਰ ਇਸ ‘ਤੇ ਬਹਿਸ ਨਹੀਂ ਹੋਈ ਹੈ।

    ਉੱਧਰ, ਗੋਲ਼ੀਬਾਰੀ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨੇ ਬੀਤੇ ਕੱਲ੍ਹ ਤਿੰਨਾਂ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਅਰਜ਼ੀ ਨਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਕ੍ਰਿਸ਼ਨ ਭਗਵਾਨ ਦਾ ਪੁੱਤਰ ਸੁਖਰਾਜ ਸਿੰਘ ਤਿੰਨੇ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰਨ ਦੀ ਅਪੀਲ ਕਰਨ ਲਈ ਫ਼ਰੀਦਕੋਟ ਅਦਾਲਤ ਪਹੁੰਚਿਆ ਸੀ। ਅੱਜ ਅਦਾਲਤ ਪਹੁੰਚੇ ਸੁਖਰਾਜ ਸਿੰਘ ਨੂੰ ਪਤਾ ਲੱਗਾ ਕਿ ਹੜਤਾਲ ਕਾਰਨ ਬਹਿਸ ਨਹੀਂ ਹੋ ਸਕਦੀ, ਇਸ ਲਈ ਮਾਮਲਾ ਪਹਿਲੀ ਫਰਵਰੀ ‘ਤੇ ਜਾ ਪਿਆ ਹੈ। ਤਿੰਨੇ ਪੁਲਿਸ ਮੁਲਜ਼ਮਾਂ ਨੂੰ ਐਸਆਈਟੀ ਨੇ 29 ਜਨਵਰੀ ਨੂੰ ਪੁੱਛਗਿੱਛ ਲਈ ਸੰਮਨ ਕੀਤਾ ਸੀ, ਪਰ ਉਹ ਪੇਸ਼ ਨਾ ਹੋਏ। ਹੁਣ ਉਨ੍ਹਾਂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਲਟਕਣ ਤੇ ਐਸਆਈਟੀ ਦੇ ਸੰਮਨਾਂ ਦੀ ਤਾਮੀਲ ਨਾ ਕਰਨ ਕਰਕੇ ਮੁਲਜ਼ਮਾਂ ‘ਤੇ ਦਬਾਅ ਵਧ ਗਿਆ ਹੈ।

    LEAVE A REPLY

    Please enter your comment!
    Please enter your name here