ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਸਾਰੇ ਮਹਿਕਿਆਂ ਦੇ ਪੁਨਰਗਠਨ ਦੀ ਤਿਆਰੀ !

    0
    117

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਕੈਪਟਨ ਸਰਕਾਰ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦਾ ਪੁਨਰਗਠਨ ਕਰਨ ਜਾ ਰਹੀ ਹੈ। ਇਸ ਨਾਲ ਕਈ ਅਹੁਦੇ ਤੇ ਆਸਾਮੀਆਂ ਖ਼ਤਮ ਹੋ ਜਾਣਗੀਆਂ ਤੇ ਇਨ੍ਹਾਂ ਦੀ ਥਾਂ ਨਵੇਂ ਅਹੁਦੇ ਬਣਾਏ ਜਾਣਗੇ। ਪੰਜਾਬ ਸਰਕਾਰ ਪਹਿਲਾਂ ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰ ਚੁੱਕੀ ਹੈ। ਹੁਣ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

    ਉੱਧਰ, ਪੰਜਾਬ ਕੈਬਨਿਟ ਵੱਲੋਂ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦਾ ਰਾਜ ਦੇ ਮੁਲਾਜ਼ਮ ਸੰਗਠਨਾਂ ਨੇ ਸਖ਼ਤ ਵਿਰੋਧ ਕੀਤਾ ਹੈ। ਮੁਲਾਜ਼ਮ ਸੰਗਠਨਾਂ ਨੂੰ ਡਰ ਹੈ ਕਿ ਪੁਨਰਗਠਨ ਦੇ ਓਹਲੇ ਸੂਬਾ ਸਰਕਾਰ ਵਿਭਾਗਾਂ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਕਰਨ ਜਾ ਰਹੀ ਹੈ।

    ਦਰਅਸਲ ਵਿਭਾਗਾਂ ਦੇ ਪੁਨਰਗਠਨ ਬਾਰੇ ਸਰਕਾਰ ਕਾਫ਼ੀ ਸਮੇਂ ਤੋਂ ਵਿਚਾਰ ਕਰ ਰਹੀ ਹੈ। ਇਸ ਲਈ ਵਿੱਤ ਵਿਭਾਗ ਤੇ ਪਰਸੋਨਲ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿੱਤ ਵਿਭਾਗ ਦੀ ਵਿੱਤ ਪਰਸੋਨਲ-2 ਸ਼ਾਖਾ ਦੇ ਇੱਕ ਪੱਤਰ ਵਿੱਚ ਸਾਰੇ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਤੇ ਪ੍ਰਬੰਧਕੀ ਸਕੱਤਰਾਂ ਨੂੰ ਸੰਬੋਧਨ ਕਰਦਿਆਂ ਰਿਪੋਰਟ ਮੰਗੀ ਹੈ।

    ਇਸ ਦੇ ਬਾਵਜੂਦ ਵਿੱਤ ਵਿਭਾਗ ਨੂੰ 46 ਵਿਭਾਗਾਂ ਵੱਲੋਂ ਪੁਨਰਗਠਨ ਸੰਬੰਧੀ ਪ੍ਰਸਤਾਵ ਹਾਸਲ ਨਹੀਂ ਹੋਏ। ਪੱਤਰ ਵਿੱਚ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਪਰੋਕਤ 46 ਵਿਭਾਗ ਜਾਰੀ ਕੀਤੇ ਸ਼ੈਡਿਊਲ ਮੁਤਾਬਕ ਤੈਅ ਮਿਤੀ ਨੂੰ ਸਵੇਰੇ 10 ਵਜੇ ਰਿਪੋਰਟ ਵਿੱਤ ਵਿਭਾਗ ਨੂੰ ਭੇਜ ਦੇਣ।

    ਵਿੱਤ ਵਿਭਾਗ ਇਸ ਸੰਬੰਧੀ ਲੋੜ ਪੈਣ ‘ਤੇ ਵਿਭਾਗ ਨਾਲ ਵੈਬ ਮੀਟਿੰਗ ਵੀ ਕਰ ਸਕਦਾ ਹੈ। ਸਿਰਫ਼ ਸੰਬੰਧਤ ਪ੍ਰਬੰਧਕੀ ਵਿਭਾਗ ਵੱਲੋਂ ਪਹੁੰਚਣ ਵਾਲੀਆਂ ਤਜਵੀਜ਼ਾਂ ‘ਤੇ ਵਿਚਾਰ ਕੀਤਾ ਜਾਵੇਗਾ। ਜਦਕਿ ਕਿਸੇ ਬੋਰਡ, ਕਾਰਪੋਰੇਸ਼ਨ, ਡਾਇਰੈਕਟੋਰੇਟਸ ਤੋਂ ਸਿੱਧੇ ਭੇਜੇ ਗਏ ਪੁਨਰਗਠਨ ਨਾਲ ਸੰਬੰਧਤ ਪ੍ਰਸਤਾਵਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here