ਪੰਜਾਬ ‘ਚ ਬੀਜੇਪੀ ਦੇ ਸਫਾਏ ਮਗਰੋਂ ਚਿਦੰਬਰਮ ਨੇ ਮੋਦੀ ਸਰਕਾਰ ਨੂੰ ਪੁੱਛਿਆ, ਅਜੇ ਵੀ ਕਹੋਗੇ ਖੇਤੀ ਕਾਨੂੰਨ ਹਰਮਨਪਿਆਰੇ ?

    0
    164

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਖੇਤੀ ਕਾਨੂੰਨ ਨੂੰ ਲੈ ਕੇ ਜਾਰੀ ਕਿਸਾਨਾਂ ਦੀ ਨਾਰਾਜ਼ਗੀ ਦਾ ਖ਼ਮਿਆਜ਼ਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪੰਜਾਬ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਵੀ ਭੁਗਤਣਾ ਪਿਆ ਹੈ। ਬੀਤੇ ਬੁੱਧਵਾਰ ਸ਼ਾਮੀਂ ਆਏ ਚੋਣ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ ਜ਼ਬਰਦਸਤ ਜਿੱਤ ਦਰਜ ਕੀਤੀ, ਜਦ ਕਿ ਭਾਜਪਾ ਦੇ ਹੱਥ ਸਿਰਫ਼ ਮਾਯੂਸੀ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੂਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਸਾਹਮਣੇ ਆਇਆ ਹੈ।

    ਪੰਜਾਬ ਦੀਆਂ ਇਨ੍ਹਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਭਾਜਪਾ ਦੀ ਬੁਰੀ ਹਾਰ ਤੋਂ ਬਾਅਦ ਹੁਣ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।

    ਪੀ. ਚਿਦੰਬਰਮ ਨੇ ਪੰਜਾਬ ਦੀਆਂ ਇਨ੍ਹਾਂ ਚੋਣਾਂ ’ਚ ਭਾਜਪਾ ਦੇ ਪ੍ਰਦਰਸ਼ਨ ਤੋਂ ਬਾਅਦ ਅੱਜ ਟਵੀਟ ਕਰ ਕੇ ਪੁੱਛਿਆ, ਕੀ ਮੋਦੀ ਸਰਕਾਰ ਹੁਣ ਵੀ ਮੰਨਦੀ ਹੈ ਕਿ ਖੇਤੀ ਕਾਨੂੰਨ ਹਰਮਨਪਿਆਰੇ ਹਨ ਤੇ ਪੰਜਾਬ ਦੇ ਕਿਸਾਨਾਂ ਦਾ ਇੱਕ ਛੋਟਾ ਜਿਹਾ ਵਰਗ ਹੀ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ।

    ਚਿਦੰਬਰਮ ਨੇ ਕਿਹਾ ਕਿ ਕਿਸਾਨ ਵੋਟਰ ਹਨ, ਤਾਂ ਸਾਡੇ ਪ੍ਰਵਾਸੀ ਮਜ਼ਦੂਰਾਂ, ਐਮਐਸਐਮਈ, ਬੇਰੋਜ਼ਗਾਰ ਤੇ ਗ਼ਰੀਬ ਪਰਿਵਾਰਾਂ ਦੇ ਵੋਟ ਪਾਉਣ ਦੀ ਵਾਰੀ ਆਵੇਗੀ, ਤਾਂ ਉਹ ਪੰਜਾਬ ਦੇ ਵੋਟਰਾਂ ਵਾਂਗ ਭਾਜਪਾ ਦੇ ਵਿਰੁੱਧ ਹੀ ਵੋਟਿੰਗ ਕਰਨਗੇ। ਸਰਕਾਰ ਦੀਆ ਗ਼ਲਤ ਘਰੇਲੂ ਨੀਤੀਆਂ ਕਾਰਣ ਹੀ ਵਿਦੇਸ਼ ਮੰਤਰਾਲਾ ਤੇਜ਼ੀ ਨਾਲ ਭਰੋਸੇਯੋਗਤਾ ਗੁਆਉਂਦਾ ਜਾ ਰਿਹਾ ਹੈ।

    ਪੀ. ਚਿਦੰਬਰਮ ਪਹਿਲਾਂ ਵੀ ਮੋਦੀ ਸਰਕਾਰ ਦੀ ਕਈ ਵਾਰ ਤਿੱਖੀ ਆਲੋਚਨਾ ਕਰ ਚੁੱਕੇ ਹਨ। ਅੱਜ ਵੀਰਵਾਰ ਨੂੰ ਉਨ੍ਹਾਂ ਆਪਣੇ ਬਿਆਨ ’ਚ ਕਿਹਾ ਕਿ ਪੰਜਾਬ ਦੀਆਂ ਸਥਾਨਕ ਚੋਣਾਂ ’ਚ ਹਾਰ ਨੇ ਇਹ ਦਰਸਾ ਦਿੱਤਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਦੇਸ਼ ਨੇ ਨਕਾਰ ਦਿੱਤਾ ਹੈ।

    LEAVE A REPLY

    Please enter your comment!
    Please enter your name here