ਪੰਜਾਬ ‘ਚ ਬਿਜਲੀ ਕੱਟ ਹੋਏ ਜ਼ਰੂਰੀ, ਮੰਗ ਕਰਨੀ ਹੈ ਪੂਰੀ

    0
    111

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਵਿਚ ਦਿਨੋਂ ਦਿਨ ਵਧ ਰਹੀ ਗਰਮੀ ਤੇ ਝੋਨੇ ਦੇ ਸੀਜਨ ਦੌਰਾਨ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤਕ ਪੁੱਜ ਗਈ ਹੈ। ਮੰਗ ਤੇ ਸਪਲਾਈ ਵਿਚ ਪੈ ਰਹੇ ਪਾੜੇ ਨੂੰ ਪੂਰਾ ਕਰਨ ਲਈ ਇਕ ਦਿਨ ਵਿਚ 2 ਘੰਟੇ ਦਾ ਕੱਟ ਲਾਜ਼ਮੀ ਹੋ ਗਿਆ ਹੈ।

    ਹੈੱਡਕੁਆਟਰਾਂ ‘ਤੇ ਰੋਜ਼ਾਨਾ ਮੂੰਹ ਜੁਬਾਨੀ ਹੁਕਮਾਂ ਰਾਹੀਂ ਵਾਰੋ-ਵਾਰੀ 2 ਘੰਟੇ ਦਾ ਕੱਟ ਲਾਇਆ ਜਾ ਰਿਹਾ ਹੈ। ਉੱਤਰ ਖੇਤਰੀ ਲੋਡ ਡਿਸਪੈਚ ਸੈਂਟਰ ਮੁਤਾਬਕ ਬੀਤੇ ਦਿਨ ਪੰਜਾਬ ਵਿਚ ਬਿਜਲੀ ਦੀ ਮੰਗ 14 ਹਜ਼ਾਰ 245 ਮੈਗਾਵਾਟ ਤਕ ਪੁੱਜੀ। ਮੰਗ ਤੇ ਸਪਲਾਈ ਵਿਚ 1550 ਮੈਗਵਾਟ ਦਾ ਫ਼ਰਕ ਸਾਹਮਣੇ ਆਇਆ। ਇਸ ਫ਼ਰਕ ਨੂੰ ਪੂਰਾ ਕਰਨ ਲਈ ਸਿਰਫ਼ ਤੇ ਸਿਰਫ਼ ਕੱਟਾਂ ਦਾ ਸਹਾਰਾ ਲਿਆ ਜਾ ਰਿਹਾ ਹੈ।

    ਭਾਖੜਾ ‘ਚ ਪਾਣੀ ਘੱਟ ਪੱਧਰ ਚਿੰਤਾ ਦਾ ਵਿਸ਼ਾ –

    ਭਾਖੜਾ ਭੰਡਾਰ ਦੇ ਪਾਣੀ ਦਾ ਪੱਧਰ ਪਿਛਲੇ ਸਾਲਾਂ ਵਿਚ ਉਪਲਬਧ ਪਾਣੀ ਦੀ ਤੁਲਨਾ ਵਿਚ ਘੱਟ ਹੈ। ਬੀਬੀਐੱਮਬੀ ਖੇਤੀਬਾੜੀ ਸੈਕਟਰ ਦੀਆਂ ਬਿਜਲੀ ਮੰਗਾਂ ਪੂਰੀਆਂ ਕਰਨ ਲਈ ਪੂਰੀ ਸ਼ਕਤੀ ਨਾਲ ਬਿਜਲੀ ਪੈਦਾ ਨਹੀਂ ਕਰ ਰਿਹਾ ਹੈ। ਬੀਬੀਐੱਮਬੀ ਦਾ ਮੌਜੂਦਾ ਸਮੇਂ ਵਿਚ ਭੰਡਾਰਨ ਪੱਧਰ ਪਿਛਲੇ ਸਾਲ ਦੇ 1581.50 ਫੁੱਟ ਦੇ ਮੁਕਾਬਲੇ 1524.60 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿਚ ਇਹ ਪਿਛਲੇ ਸਾਲ ਦੇ 1335 ਫੁੱਟ ਦੇ ਪੱਧਰ ਦੇ ਮੁਕਾਬਲੇ 1281 ਫੁੱਟ ਹੈ। ਇਸ ਸਮੇਂ ਬੀਬੀਐੱਮਬੀ ਵੱਲੋਂ 194 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ।ਕਿੱਥੋਂ ਮਿਲ ਰਹੀ ਕਿੰਨੀ ਬਿਜਲੀ –

    ਪੀਐਸਪੀਸੀਐਲ ਬੁਲਾਰੇ ਮੁਤਾਬਕ ਇਸ ਸਮੇਂ ਕੇਂਦਰੀ ਸੈਕਟਰ ਤੋਂ 3864 ਮੈਗਾਵਾਟ, ਬਾਹਰੋਂ ਖ਼ਰੀਦ 2195 ਮੈਗਾਵਾਟ, ਬੈਂਕਿੰਗ ਰਾਹੀਂ 1192 ਮੈਗਾਵਾਟ, ਟੀਐੱਸਪੀਐੱਲ 950 ਮੈਗਾਵਾਟ, ਐੱਨਪੀਐੱਲ 1320 ਮੈਗਾਵਾਟ, ਜੀਵੀਕੇ 492 ਮੈਗਾਵਾਟ, ਗੁਰੂ ਗੋਬਿੰਦ ਸਿੰਘ ਸੂਪਰ ਥਰਮਲ ਪਲਾਂਟ ਤੋਂ 579 ਮੈਗਾਵਾਟ, ਗੁਰੂ ਹਰਗੋਬਿੰਦ ਥਰਮਲ ਪਲਾਂਟ ਤੋਂ 844 ਮੈਗਾਵਾਟ, ਆਰਐੱਸਡੀ ਤੋਂ 410 ਮੈਗਾਵਾਟ, ਸ਼ਾਨਨ ਤੋਂ 110 ਮੈਗਾਵਾਟ, ਯੂ.ਬੀ.ਡੀ.ਸੀ ਤੋਂ 83 ਮੈਗਾਵਾਟ, ਮੁਕੇਰੀਆਂ ਤੋਂ 179 ਮੈਗਾਵਾਟ, ਏਐੱਸਐੱਚਪੀ ਤੋਂ 120 ਮੈਗਾਵਾਟ, ਸੋਲਰ 398 ਮੈਗਾਵਾਟ, ਬਾਇਓਮਾਸ ਤੋਂ 74 ਮੈਗਾਵਾਟ ਕੁੱਲ 12 ਹਜ਼ਾਰ 810 ਮੈਗਾਵਾਟ ਬਿਜਲੀ ਮਿਲ ਰਹੀ ਹੈ।

    ਸੀਐੱਮਡੀ ਨੇ ਬੀਬੀਐਮਬੀ ਨੂੰ ਅਰਜ਼ –

    ਪੀਐੱਸਪੀਸੀਐੱਲ ਸੀਐਮਡੀ ਏ. ਵੇਨੂੰ ਪ੍ਰਸਾਦ ਨੇ ਕਿਹਾ ਹੈ ਕਿ ਝੋਨੇ ਦੀ ਲੁਆਈ ਅਤੇ ਗਰਮੀ ਦੇ ਮੌਸਮ ਕਾਰਨ ਸੂਬੇ ਵਿਚ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੱਧ ਗਈ ਹੈ। ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਤੇ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਨਿਰਧਾਰਤ ਬਿਜਲੀ ਤੇ ਰਾਜ ਦੇ ਹੋਰ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਲਈ ਹਰ ਸੰਭਵ ਯਤਨ ਕਰਨ ਲਈ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੂੰ ਬਿਜਲੀ ਉਤਪਾਦਨ ਵਧਾਉਣ ਦੀ ਬੇਨਤੀ ਕੀਤੀ ਹੈ।

    ਲੋੜ ਪੈਣ ‘ਤੇ ਬੰਦ ਹੋਏ ਯੂਨਿਟਾਂ ਨੇ ਵਧਾਈ ਮੁਸ਼ਕਿਲ –

    ਲੋੜ ਪੈਣ ‘ਤੇ ਬਿਜਲੀ ਪੈਦਾ ਕਰਨ ਵਾਲੇ ਵੱਡੇ ਯੂਨਿਟ ਧੋਖਾ ਦੇ ਗਏ ਹਨ, ਜਿਸ ਕਰ ਕੇ ਪੀਐੱਸਪੀਸੀਐੱਲ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਦਾ 660 ਮੈਗਾਵਾਟ ਦਾ ਵੱਡਾ ਯੂਨਿਟ ਪੂਰੀ ਤਰ੍ਹਾਂ ਠੱਪ ਹੈ, ਇਸ ਤੋਂ ਇਲਾਵਾ ਇਸ ਦੇ 2 ਹੋਰ ਯੂਨਿਟਾਂ ਤੋਂ ਸਮਰੱਥਾ ਮੁਤਾਬਕ ਬਿਜਲੀ ਨਹੀਂ ਮਿਲ ਰਹੀ ਹੈ। ਇਸ ਪਲਾਂਟ ਦਾ ਯੂਨਿਟ ਸਮਰੱਥਾ ਨਾਲੋਂ ਘੱਟ ਸਿਰਫ਼ 400 ਮੈਗਾਵਾਟ ਤੇ ਦੂੁਸਰਾ ਯੂਨਿਟ ਸਿਰਫ਼ 330 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸ ਤੋਂ ਇਲਾਵਾ ਰੋਪੜ ਦਾ 210 ਮੈਗਾਵਾਟ ਸਮਰੱਥਾ ਵਾਲਾ 06 ਨੰਬਰ ਯੂਨਿਟ ਬੁੱਧਵਾਰ ਦੇਰ ਸ਼ਾਮ ਤਕ ਬੰਦ ਰਿਹਾ।

    LEAVE A REPLY

    Please enter your comment!
    Please enter your name here