ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ‘ਤੇ ਪੰਜਾਬ ਸਰਕਾਰ ਲਿਆਏਗੀ ਨਵਾਂ ਪ੍ਰਸਤਾਵ :

    0
    124

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਰਵਿੰਦਰ)

    ਚੰਡੀਗੜ੍ਹ : ਲਾਕਡਾਊਨ ਦੌਰਾਨ ਵਿਦਿਆਰਥੀਆਂ ਤੋਂ ਫ਼ੀਸ ਲੈਣ ਦੇ ਮਸਲੇ ਤੇ ਪੰਜਾਬ ਸਰਕਾਰ ਨਵਾਂ ਪ੍ਰਸਤਾਵ ਲੈ ਕੇ ਆ ਰਹੀ ਹੈ। ਇਸ ਮਾਮਲੇ ‘ਤੇ ਜਸਟਿਸ ਨਿਰਮਲਜੀਤ ਕੌਰ ਦੀ ਅਦਾਲਤ ‘ਚ ਹੋਈ ਸੁਣਵਾਈ ‘ਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ‘ਚ ਫ਼ੀਸ ਵਸੂਲੀ ਦੇ ਮੁੱਦੇ ‘ਤੇ ਨਵਾਂ ਪ੍ਰਸਤਾਵ ਤਿਆਰ ਕਰ ਰਹੀ ਹੈ।

    ਇਹ ਪ੍ਰਸਤਾਵ ਸਕੂਲਾਂ ਤੇ ਵਿਦਿਆਰਥੀਆਂ ਦੋਵਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਸਰਕਾਰ ਇਸ ਨੂੰ ਅਦਾਲਤ ‘ਚ ਪੇਸ਼ ਕਰੇਗੀ। ਪੰਜਾਬ ਚ ਨਿੱਜੀ ਸਕੂਲਾਂ ਤੇ ਵਿਦਿਆਰਥੀਆਂ ਵਿਚਾਲੇ ਫ਼ੀਸ ਦਾ ਵੱਡਾ ਮੁੱਦਾ ਗਰਮਾਇਆ ਹੋਇਆ ਹੈ। ਇਸ ਮਾਮਲੇ ‘ਤੇ ਅਦਾਲਤ ਨੇ ਸੁਣਵਾਈ ਸ਼ੁੱਕਰਵਾਰ ਤਕ ਟਾਲ ਦਿੱਤੀ ਹੈ।

    ਸੋਮਵਾਰ ਐਡਵੋਕੇਟ ਆਰਐੱਸ ਬੈਂਸ ਨੇ ਅਦਾਲਤ ਨੂੰ ਦੱਸਿਆ ਕਿ “ਸਿਰਫ਼ ਪੰਜਾਬ ਸਰਕਾਰ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪ੍ਰਾਈਵੇਟ ਸਕੂਲਾਂ ਨੂੰ ਸਿਰਫ਼ ਟਿਊਸ਼ਨ ਫ਼ੀਸ ਲੈਣ ਦੇ ਆਦੇਸ਼ ਦਿੱਤੇ ਗਏ ਹਨ। ਦਰਅਸਲ ਕੋਰੋਨਾ ਲਾਕਡਾਊਨ ਦੌਰਾਨ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਜਾਣ ਜਾਣ ਤਨਖ਼ਾਹ ‘ਚ ਕਟੌਤੀ ਕੀਤੇ ਜਾਣ ਕਾਰਨ ਮਾਪਿਆਂ ਨੂੰ ਸਕੂਲ ਫ਼ੀਸ ‘ਚ ਰਾਹਤ ਦਿੱਤੀ ਜਾਣਾ ਜ਼ਰੂਰੀ ਹੈ।”

    ਇਸ ਮਾਮਲੇ ‘ਚ ਕੁੱਝ ਮਾਪਿਆਂ ਵੱਲੋਂ ਦਾਇਰ ਕੀਤੀਆਂ ਪਟੀਸ਼ਨਾਂ ‘ਤੇ ਜਵਾਬ ਦਿੰਦਿਆਂ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਕਿਹਾ ਕਿ “ਰੋਜ਼ਗਾਰ ਖੋਹੇ ਜਾਣ ਮਗਰੋਂ ਵੱਡੀ ਸੰਖਿਆਂ ਲੋਕ ਆਪਣੇ ਪਿੰਡਾਂ ਨੂੰ ਪਰਤ ਗਏ ਹਨ। ਜਿੱਥੇ ਨੈੱਟਵਰਕ ਨਾ ਆਉਣ ਕਾਰਨ ਆਨਲਾਈਨ ਕਲਾਸਾਂ ਸੰਭਵ ਨਹੀਂ। ਉਨ੍ਹਾਂ ਨੇ ਕਿਹਾ ਪੂਰੀ ਫ਼ੀਸ ਦੀ ਮੰਗ ਨੂੰ ਲੈ ਕੇ ਹਾਈਕੋਰਟ ਪਹੁੰਚੇ ਪ੍ਰਾਈਵੇਟ ਸਕੂਲਾਂ ਨੇ ਆਪਣੇ ਖ਼ਰਚ ‘ਤੇ ਆਮਦਨ ਦਾ ਕੋਈ ਬਿਓਰਾ ਨਹੀਂ ਦਿੱਤਾ ਤੇ ਨਾ ਹੀ ਆਪਣੀ ਆਮਦਨ ਕਰ ਰਿਪੋਰਟ ਆਪਣੀ ਪਟੀਸ਼ਨ ਨਾਲ ਨੱਥੀ ਕੀਤੀ ਹੈ।”

    ਬਾਗੜੀ ਨੇ ਪਟੀਸ਼ਨਕਰਤਾਵਾਂ ‘ਚੋਂ ਇੱਕ ਸਕੂਲ ਦੀ ਉਦਾਹਰਨ ਦਿੰਦਿਆਂ ਕਿਹਾ ਕਿ “ਸਕੂਲ ‘ਚ 1800 ਵਿਦਿਆਰਥੀ ਪੜ੍ਹਦੇ ਹਨ ਤੇ ਹਰ ਵਿਦਿਆਰਥੀ ਦੀ ਟਿਊਸ਼ਨ ਫ਼ੀਸ 5,750 ਤੋਂ 6000 ਰੁਪਏ ਤਕ ਹੈ। ਸਿਰਫ਼ ਟਿਊਸ਼ਨ ਫ਼ੀਸ ਤੋਂ ਹੀ ਸਕੂਲ ਹਰ ਮਹੀਨੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਫ਼ੀਸ ਵਸੂਲਦਾ ਹੈ ਜਦਕਿ ਇਸ ਸਕੂਲ ਦੇ ਕਰਮਚਾਰੀਆਂ ਦੀ ਮਾਸਕ ਤਨਖ਼ਾਹ 20-25 ਲੱਖ ਦੇ ਕਰੀਬ ਹੋਵੇਗੀ।”

    LEAVE A REPLY

    Please enter your comment!
    Please enter your name here