ਪੈਟਰੋਲ-ਡੀਜ਼ਲ ‘ਤੇ ਕੋਈ ਰਾਹਤ ਨਹੀਂ, ਦਵਾਈਆਂ ਸਸਤੀਆਂ, ਜਾਣੋ ਜੀਐੱਸਟੀ ਕੌਂਸਲ ਦੇ ਫ਼ੈਸਲੇ…

    0
    139

    ਨਵੀਂ ਦਿੱਲੀ, (ਰੁਪਿੰਦਰ) :

    ਜੀਐੱਸਟੀ ਪ੍ਰੀਸ਼ਦ ਦੀ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਕਰੋਨਾ ਨਾਲ ਸਬੰਧਤ ਦਵਾਈਆਂ 31 ਦਸੰਬਰ ਤੱਕ ਰਿਆਇਤੀ ਟੈਕਸ ਦਰਾਂ ਉਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਅਗਵਾਈ ਵਿਚ ਹੋਈ ਜੀਐੱਸਟੀ ਕੌਂਸਲ ਦੀ ਬੈਠਕ ਵਿਚ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ’ਚੋਂ ਬਾਹਰ ਰੱਖਣ ਉਤੇ ਸਹਿਮਤੀ ਬਣੀ ਹੈ।

    ਸੀਤਾਰਾਮਨ ਨੇ ਕਿਹਾ ਕਿ ਜੀਐੱਸਟੀ ਕੌਂਸਲ ਨੂੰ ਲੱਗਦਾ ਹੈ ਕਿ ਅਜੇ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ ਦੇ ਦਾਇਰੇ ਵਿਚ ਲਿਆਉਣ ਦਾ ਸਮਾਂ ਨਹੀਂ ਆਇਆ। ਕੌਂਸਲ ਦੇ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਮਸਕਿਊਲਰ ਏਟ੍ਰੋਫੀ ਦਵਾਈਆਂ ਜ਼ੋਲਜੇਨਸਮਾ ਤੇ ਵਿਲਟੇਪਸੋ ਨੂੰ ਜੀਐੱਸਟੀ ਤੋਂ ਛੋਟ ਦਿੱਤੀ ਗਈ ਹੈ।

    ਦੱਸਣਯੋਗ ਹੈ ਕਿ ਇਨ੍ਹਾਂ ਦਵਾਈਆਂ ਦੀ ਕੀਮਤ ਹੀ ਕਰੋੜਾਂ ਰੁਪਏ ਹੈ। ਕੌਂਸਲ ਨੇ ਫੂਡ ਡਲਿਵਰੀ ਪਲੈਟਫਾਰਮਾਂ ਜਿਵੇਂ ਕਿ ਸਵਿੱਗੀ, ਜ਼ੋਮਾਟੋ ਉਤੇ ਪੰਜ ਪ੍ਰਤੀਸ਼ਤ ਟੈਕਸ ਲਾਉਣ ਦਾ ਫ਼ੈਸਲਾ ਲਿਆ ਹੈ। ਕਰੋਨਾ ਨਾਲ ਸਬੰਧਤ ਕਈ ਦਵਾਈਆਂ ਜੋ ਕਿ ਕਿਫਾਇਤੀ ਜੀਐੱਸਟੀ ਦਰਾਂ ਉਤੇ ਦਿੱਤੀਆਂ ਜਾ ਰਹੀਆਂ ਹਨ, ਉਤੇ ਛੋਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।

    ਇਹ ਛੋਟ ਹੁਣ 31 ਦਸੰਬਰ ਤੱਕ ਜਾਰੀ ਰਹੇਗੀ ਪਰ ਮੈਡੀਕਲ ਉਪਕਰਨਾਂ ਉਤੇ ਇਹ ਲਾਭ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਮੈਡੀਕਲ ਉਪਕਰਨਾਂ ਉਤੇ ਦਿੱਤੀ ਜਾ ਰਹੀ ਛੋਟ 30 ਸਤੰਬਰ ਨੂੰ ਖ਼ਤਮ ਹੋ ਜਾਵੇਗੀ। ਸੀਤਾਰਾਮਨ ਨੇ ਕਿਹਾ ਕਿ ਪੰਜ ਪ੍ਰਤੀਸ਼ਤ ਜੀਐੱਸਟੀ ਸਵਿੱਗੀ ਤੇ ਜ਼ੋਮਾਟੋ ਵਲੋਂ ਡਲਿਵਰੀ ਕਰਨ ਉਤੇ ਵਸੂਲਿਆ ਜਾਵੇਗਾ।ਬਾਇਓ-ਡੀਜ਼ਲ ਉਤੇ ਜੀਐੱਸਟੀ ਦਰ 12 ਪ੍ਰਤੀਸ਼ਤ ਤੋਂ ਘਟਾ ਕੇ ਪੰਜ ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਵਸਤਾਂ ਦੀ ਢੋਆ-ਢੁਆਈ ਵਾਲੇ ਵਾਹਨਾਂ ਨੂੰ ਕੌਮੀ ਪਰਮਿਟ ਫੀਸ ਤੋਂ ਛੋਟ ਦਿੱਤੀ ਗਈ ਹੈ। ਲੀਜ਼ਡ ਏਅਰਕਰਾਫਟ ਨੂੰ ਦਰਾਮਦ ਕਰਨ ’ਤੇ ਵੀ ਆਈ-ਜੀਐੱਸਟੀ ਨਹੀਂ ਲੱਗੇਗਾ। ਜੀਐੱਸਟੀ ਕਮੇਟੀ ਨੇ ਸਾਰੇ ਤਰ੍ਹਾਂ ਦੇ ਪੈੱਨਾਂ ਉਤੇ 18 ਪ੍ਰਤੀਸ਼ਤ ਜੀਐੱਸਟੀ ਲਾਉਣ ਦਾ ਫ਼ੈਸਲਾ ਕੀਤਾ ਹੈ।

    ਨਵਿਆਉਣਯੋਗ ਖੇਤਰ ਦੇ ਕੁੱਝ ਉਪਕਰਨਾਂ ਉਤੇ 12 ਪ੍ਰਤੀਸ਼ਤ ਜੀਐੱਸਟੀ ਲੱਗੇਗਾ। ਜੀਐੱਸਟੀ ਕੌਂਸਲ ਨੇ ਪਹਿਲੀ ਜਨਵਰੀ ਤੋਂ ਫੁਟਵੀਅਰ ਤੇ ਟੈਕਸਟਾਈਲ ਉਤੇ ਵੀ ਨਵੀਆਂ ਟੈਕਸ ਦਰਾਂ ਲਾਗੂ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਆਉਣ ਤੋਂ ਬਾਅਦ ਦੇਸ਼ ਵਿਚ ਵੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 12 ਦਿਨਾਂ ਤੋਂ ਕੋਈ ਬਦਲਾਅ ਨਹੀਂ ਆਇਆ ਪਰ ਕੌਮਾਂਤਰੀ ਬਾਜ਼ਾਰ ਵਿਚ ਫੇਰ ਤੋਂ ਤੇਜ਼ੀ ਆਉਣ ਲੱਗੀ ਹੈ।

    LEAVE A REPLY

    Please enter your comment!
    Please enter your name here