ਫਿਰੋਜ਼ਪੁਰ, ਜਨਗਾਥਾ ਟਾਇਮਜ਼ : (ਸਿਮਰਨ)
ਫਿਰੋਜ਼ਪੁਰ : ਬੀਤੀ ਦਿਨੀ ਪਿੰਡ ਸ਼ੇਰਖਾਂ ਦੋ ਸਕੇ ਭਰਾਵਾਂ ਵੱਲੋਂ ਨਹਿਰ ‘ਚ ਛਾਲ ਮਾਰਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਸੀ, ਜਿਨ੍ਹਾਂ ਦੀਆਂ ਲਾਸ਼ਾਂ ਅੱਜ ਬਾਲੇ ਕੇ ਹੈੱਡ ਤੋਂ ਮਿਲ ਗਈਆਂ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੇ ਪਿੰਡ ਸ਼ੇਰ ਖਾਂ ਦੇ ਇੱਕ ਭਰਾ ਸੰਦੀਪ (22) ਵੱਲੋਂ ਨਹਿਰ ਚ ਛਾਲ ਮਾਰ ਦਿੱਤੀ ਸੀ ਜਦਕਿ ਉਸਦੇ ਪਿੱਛੇ ਉਸਦੇ ਵੱਡੇ ਭਰਾ ਉਡੀਕ (25) ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਸੀ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਨੋ ਰੁੜ੍ਹ ਗਏ ਸਨ।
ਓਸੇ ਦਿਨ ਤੋਂ ਹੀ ਦੋਨਾਂ ਦੀ ਭਾਲ ਕੀਤੀ ਜਾ ਰਹੀ ਸੀ। ਦੋਨਾਂ ਭਰਾਵਾਂ ਦੀਆਂ ਲਾਸ਼ਾਂ ਬਾਲੇ ਕੇ ਹੈੱਡ ਵਿਚ ਫਸੀਆਂ ਹੋਈਆਂ ਮਿਲ ਗਈਆਂ। ਗੋਤਾਖੋਰਾਂ ਨੇ ਪਿੰਡ ਵਾਲਿਆਂ ਦੀ ਮੱਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪਿੰਡ ਸ਼ੇਰ ਖਾਂ ਵਿਖੇ ਦੋਨਾਂ ਭਰਾਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸਾਰੇ ਪਿੰਡ ਵਿਚ ਓਸੇ ਦਿਨ ਤੋਂ ਸੋਗ ਦੀ ਲਹਿਰ ਫੈਲੀ ਹੋਈ ਹੈ। ਹਰ ਪਿੰਡ ਵਾਸੀ ਦੀ ਅੱਖ ਅੱਜ ਨਮ ਸੀ।