ਪਾਵਨ ਸਰੂਪ ਅਟੈਚੀ ’ਚ ਬੰਦ ਕਰਕੇ ਪੁਣੇ ਲਿਜਾਣ ਦੀ ਕੋਸ਼ਿਸ਼ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ

    0
    133

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੱਖ ਮਰਯਾਦਾ ਦੇ ਉਲਟ ਅਟੈਚੀ ਵਿਚ ਬੰਦ ਕਰਕੇ ਹਵਾਈ ਜਹਾਜ਼ ਰਾਹੀਂ ਪੁਣੇ ਲਿਜਾਣ ਦੀ ਦੋ ਵਿਅਕਤੀਆਂ ਵੱਲੋਂ ਕੀਤੀ ਕੋਸ਼ਿਸ਼ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

    ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਹਨ ਅਤੇ ਪਾਵਨ ਸਰੂਪ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਜਾਣ ਦੀ ਇਕ ਮਰਯਾਦਾ ਹੈ। ਉਨ੍ਹਾਂ ਨੇ ਕਿਹਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਫੜ੍ਹੇ ਗਏ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

    ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਤਰਸੇਮ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਨੇ ਹਵਾਈ ਅੱਡੇ ਪੁੁੱਜ ਕੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਲਿਆਂਦਾ। ਜਾਣਕਾਰੀ ਅਨੁਸਾਰ ਪਾਵਨ ਸਰੂਪ ਅਟੈਚੀ ਵਿਚ ਬੰਦ ਕਰਕੇ ਜਹਾਜ਼ ਰਾਹੀਂ ਪੁਣੇ ਲਿਜਾਣ ਵਾਲੇ ਦੋਵੇਂ ਵਿਅਕਤੀ ਸ. ਜਵਾਲਾ ਸਿੰਘ ਤੇ ਸ. ਜਸਬੀਰ ਸਿੰਘ ਜੋ ਪਿਓ-ਪੁੱਤਰ ਹਨ, ਜੋ ਗੁਰਦੁਆਰਾ ਨਾਨਕਸਰ ਸਮਾਧ ਭਾਈ ਨਾਲ ਸੰਬੰਧਤ ਰੱਖਦੇ ਹਨ।

    ਪ੍ਰਚਾਰਕ ਭਾਈ ਤਰਸੇਮ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਵਿਅਕਤੀਆਂ ਅਨੁਸਾਰ ਇਹ ਪਾਵਨ ਸਰੂਪ ਗੁਰਦੁਆਰਾ ਨਾਨਕਸਰ ਸਮਾਧ ਭਾਈ ਦੇ ਬਾਬਾ ਕੁਲਵੰਤ ਸਿੰਘ ਵੱਲੋਂ ਪੁਣੇ ਭੇਜਿਆ ਜਾ ਰਿਹਾ ਸੀ। ਇਕ ਆਟੋ ਰਿਕਸ਼ਾ ਵਾਲੇ ਨੂੰ ਸ਼ੱਕ ’ਤੇ ਇਹ ਮਾਮਲਾ ਸਾਹਮਣੇ ਆਇਆ, ਜਿਸ ਮਗਰੋਂ ਸਥਾਨਕ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਕਾਰਵਾਈ ਕੀਤੀ।

    LEAVE A REPLY

    Please enter your comment!
    Please enter your name here