ਪਹਿਲਾਂ ਸੰਸਦ ‘ਚ ਬੋਲਣ ਦੀ ਨਹੀਂ ਦਿੱਤਾ, ਹੁਣ ਕਿਸਾਨਾਂ ਵੀਰਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ: ਹਰਸਿਮਰਤ ਬਾਦਲ

    0
    137

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪਹਿਲਾਂ ਤਾਂ ਸਾਨੂੰ ਸੰਸਦ ਵਿੱਚ ਕਿਸਾਨ ਅੰਦੋਲਨ ਬਾਰੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਅਤੇ ਹੁਣ ਸਾਨੂੰ ਸਾਡੀ ਹੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਸਾਡੇ ਆਪਣੇ ਹੀ ਕਿਸਾਨਾਂ ਵੀਰਾਂ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਹੈ, ਜਿੱਥੇ ਸਖ਼ਤੀ ਨਾਲ ਅੰਤਰਰਾਸ਼ਟਰੀ ਸਰਹੱਦ ਵਰਗੇ ਹਾਲਾਤ ਬਣਾ ਰੱਖੇ ਹਨ। ਇਹ ਸਾਡੇ ਮੁਢਲੇ ਹੱਕਾਂ ਤੇ ਬੇਰਹਿਮ ਹਮਲਾ ਨਹੀਂ ਹੈ ਤਾਂ ਹੋਰ ਕੀ ਹੈ? ਇਸ ਵਿਸ਼ੇ ‘ਤੇ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਇੱਕ ਪੱਤਰ ਲਿਖਿਆ ਹੈ। ਕਿਸੇ ਹਾਲ ਵੀ ਲੋਕਤੰਤਰ ਦਾ ਗਲ਼ ਨਹੀਂ ਘੁੱਟਣ ਦਿੱਤਾ ਜਾ ਸਕਦਾ!

    ਬੀਬਾ ਬਾਦਲ ਨੇ ਕਿਹਾ ਕਿ ਕਿਸਾਨ ਭਾਈਚਾਰੇ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਅੱਜ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਨੁਮਾਇੰਦਗੀ ਕਰਦੇ 15 ਸੰਸਦ ਮੈਂਬਰ ਗ਼ਾਜ਼ੀਪੁਰ ਬਾਰਡਰ ਵਿਖੇ ਪਹੁੰਚੇ, ਅਤੇ ਸਾਰੇ ਦੇਸ਼ ਦੀ ਨਫ਼ਰਤ ਦਾ ਕੇਂਦਰ ਬਣੇ 3 ਖੇਤੀ ਕਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਦੇ ਖ਼ਾਤਮੇ ਦੀ ਅਸੀਂ ਸਾਂਝੇ ਤੌਰ ‘ਤੇ ਮੰਗ ਕਰਦੇ ਹਾਂ।

    ਉਨ੍ਹਾਂ ਨੇ ਕਿਹਾ ਕਿ ਗ਼ਾਜ਼ੀਪੁਰ ਬਾਰਡਰ ‘ਤੇ ਬਣੇ ਹਾਲਾਤ ਨੂੰ ਅੱਖੀਂ ਦੇਖਿਆ। ਅੰਨਦਾਤਾ ਨਾਲ ਹੋ ਰਿਹਾ ਸਲੂਕ ਤੇ ਉਨ੍ਹਾਂ ਲਈ ਪੈਦਾ ਕੀਤੇ ਹਾਲਾਤ ਦੇਖ ਕੇ ਦਿਲ ਨੂੰ ਬੜਾ ਦੁੱਖ ਲੱਗਿਆ। ਕਿਸਾਨਾਂ ਨੂੰ ਕੰਕਰੀਟ ਦੀ ਕਿਲ੍ਹੇਬੰਦੀ ਅਤੇ ਕੰਡਿਆਲੀਆਂ ਤਾਰਾਂ ਦੀ ਵਾੜ ਦੇ ਪਿੱਛੇ ਕੈਦ ਕਰ ਦਿੱਤਾ ਗਿਆ ਹੈ। ਇਥੋਂ ਤੱਕ ਕਿ ਜੇ ਲੋੜ ਪੈ ਜਾਵੇ ਤਾਂ ਪ੍ਰਦਰਸ਼ਨ ਵਾਲੀ ਥਾਂ ‘ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਨਹੀਂ ਪਹੁੰਚ ਸਕਦੀਆਂ।

    LEAVE A REPLY

    Please enter your comment!
    Please enter your name here