ਪਨਬੱਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਅੱਜ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟਿਆਂ ਲਈ ਰੱਖਣਗੇ ਬੰਦ

    0
    170

    ਚੰਡੀਗੜ੍ਹ, (ਸਿਮਰਨ) :

    ਪੰਜਾਬ ਵਿੱਚ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਗਏ ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਅੱਜ ਵੀਰਵਾਰ ਨੂੰ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟੇ ਲਈ ਬੰਦ ਰੱਖਣਗੇ। ਇਸ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕਿਸੇ ਨੂੰ ਵੀ ਬੱਸ ਸਟੈਂਡ ਦੇ ਅੰਦਰ ਜਾਂ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ ਪਰ ਬੱਸ ਸਟੈਂਡ ਬੰਦ ਰੱਖਣ ਦਾ ਸਮਾਂ ਵਧਾਇਆ ਜਾ ਸਕਦਾ ਹੈ।

    ਜਾਣਕਾਰੀ ਅਨੁਸਾਰ ਜਿਨ੍ਹਾਂ ਯਾਤਰੀਆਂ ਨੇ ਬੱਸ ਵਿਚ ਸਫ਼ਰ ਕਰਨਾ ਹੈ, ਉਹ ਬੱਸ ਅੱਡੇ ਦੇ ਬਾਹਰੋਂ ਬੱਸਾਂ ਵਿੱਚ ਬੈਠ ਸਕਦੇ ਹਨ। ਹਾਲਾਂਕਿ ਸਰਕਾਰੀ ਬੱਸਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। ਰੋਡਵੇਜ਼ ਯੂਨੀਅਨ ਨੇ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ 10 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

    ਪਨਬੱਸ/ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਹਮੇਸ਼ਾ ਗੱਲਬਾਤ ਤੋਂ ਬਾਅਦ ਪਿੱਛੇ ਹਟਦੀ ਹੈ। ਇਸ ਲਈ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਓਦੋਂ ਤੱਕ ਸਰਕਾਰੀ ਬੱਸਾਂ ਦੀ ਹੜਤਾਲ ਜਾਰੀ ਰਹੇਗੀ। ਸਰਕਾਰ ਹਰ ਵਾਰ ਬਹਾਨੇ ਬਣਾ ਕੇ ਹੜਤਾਲ ਖੁੱਲ੍ਹਵਾ ਦਿੰਦੀ ਹੈ। ਉਸ ਤੋਂ ਬਾਅਦ ਮੰਗਾਂ ਫਿਰ ਲਟਕ ਜਾਂਦੀਆਂ ਹਨ। ਇਸ ਵਾਰ ਚੱਕਾ ਜਾਮ ਅਣਮਿੱਥੇ ਸਮੇਂ ਲਈ ਰਹੇਗਾ।ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਨਬੱਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਚੰਡੀਗੜ੍ਹ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਬੈਠਕ ਬੇਸਿੱਟਾ ਰਹੀ ਹੈ।ਸੁਰੇਸ਼ ਕੁਮਾਰ ਵੱਲੋਂ ਪਹਿਲਾਂ ਹੜਤਾਲ ਖ਼ਤਮ ਕਰਨ ਦੀ ਸ਼ਰਤ ਨੂੰ ਠੇਕਾ ਮੁਲਾਜ਼ਮਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਐਕਟ ਬਣਾ ਕੇ ਪਿਛਲੇ ਦਸ ਸਾਲਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇਗੀ ਅਤੇ ਸਾਡਾ ਵਿਭਾਗ ਐਕਟ ਤੋਂ ਬਾਹਰ ਰਹੇਗਾ।

    ਦੂਜੇ ਪਾਸੇ ਨਿਗਮ ਪ੍ਰਬੰਧਨ ਨੇ ਬੁੱਧਵਾਰ ਨੂੰ ਰਾਜ ਭਰ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਲਗਭਗ 2000 ਹੜਤਾਲੀ ਕੰਟਰੈਕਟ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਇਸ ਨੋਟਿਸ ਰਾਹੀਂ ਹੜਤਾਲੀ ਕਰਮਚਾਰੀਆਂ ਨੂੰ ਵੀਰਵਾਰ ਤੋਂ ਕੰਮ ‘ਤੇ ਵਾਪਸ ਆਉਣ ਲਈ ਕਿਹਾ ਗਿਆ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਵਿਭਾਗੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਠੇਕੇ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ।

    ਦੱਸ ਦੇਈਏ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਸੋਮਵਾਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ, ਜਿਸ ਕਾਰਨ ਲਗਪਗ 2000 ਪਨਬੱਸ ਤੇ ਪੀਆਰਟੀਸੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਹੜਤਾਲ ਕਾਰਨ ਜ਼ਿਆਦਾਤਰ ਬੱਸਾਂ ਡਿਪੂ ‘ਤੇ ਖੜ੍ਹੀਆਂ ਹਨ ਅਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪੀਆਰਟੀਸੀ ਨੂੰ ਇਸ ਹੜਤਾਲ ਕਾਰਨ ਹੁਣ ਤੱਕ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹੜਤਾਲ ’ਤੇ ਗਏ ਕੱਚੇ ਮੁਲਾਜ਼ਮ ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਕਰਨ ਅਤੇ ਪੱਕੀ ਨੌਕਰੀ ਦੀ ਮੰਗ ਕਰ ਰਹੇ ਹਨ।

    LEAVE A REPLY

    Please enter your comment!
    Please enter your name here