ਦਿੱਲੀ ‘ਚ ਪ੍ਰਦੂਸ਼ਣ ਲਈ ਪੰਜਾਬ ਨਹੀਂ ਜ਼ਿੰਮੇਵਾਰ, ਕੇਂਦਰੀ ਮੰਤਰੀ ਵੱਲੋਂ ਵੱਡਾ ਖੁਲਾਸਾ

    0
    143

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ। ਪੰਜਾਬ ਤੇ ਹਰਿਆਣਾ ‘ਚ ਪਰਾਲੀ ਸਾੜਨ ਨਾਲ ਦਿੱਲੀ ਵਿੱਚ ਮਹਿਜ਼ 4 ਫ਼ੀਸਦੀ ਪ੍ਰਦੂਸ਼ਨ ਹੁੰਦਾ ਹੈ। ਇਹ ਖੁਲਾਸਾ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਪੇਸ਼ ਅੰਕੜਿਆਂ ਤੋਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰਾਲੀ ਸਾੜਨ ਕਾਰਨ ਦਿੱਲੀ-ਐੱਨਸੀਆਰ ’ਚ ਮਹਿਜ਼ 4 ਫ਼ੀਸਦੀ ਹੀ ਪ੍ਰਦੂਸ਼ਣ ਫੈਲਦਾ ਹੈ ਜਦਕਿ ਬਾਕੀ ਦਾ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੁੰਦਾ ਹੈ।

    ਦੱਸ ਦਈਏ ਕਿ ਸਰਕਾਰ ਅਕਸਰ ਦਾਅਵਾ ਕਰਦੀ ਹੈ ਕਿ ਪ੍ਰਦੂਸ਼ਨ ਦੀ ਜੜ੍ਹ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਤੇ ਖੇਤੀ ਮਾਹਿਰ ਇਨ੍ਹਾਂ ਦਾਅਵਿਆਂ ਨੂੰ ਨਕਾਰਦੇ ਆਏ ਹਨ। ਹੁਣ ਕੇਂਦਰੀ ਵਾਤਾਵਰਨ ਮੰਤਰੀ ਦੇ ਖੁਲਾਸੇ ਨੇ ਪੰਜਾਬ ਦੇ ਦਾਅਵਿਆਂ ‘ਤੇ ਮੋਹਰ ਲਾਈ ਹੈ। ਉਂਝ ਖੇਤੀ ਮੰਤਰੀ ਨੇ ਨੇ ਪੰਜਾਬ ਸਰਕਾਰ ਨੂੰ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਤੇ ਰੋਕ ਦੀ ਅਪੀਲ ਕੀਤੀ ਹੈ। ਜਾਵੜੇਕਰ ਨੇ ਕਿਹਾ,‘‘ਪਰਾਲੀ ਸਾੜੇ ਜਾਣ ਕਾਰਨ ਮਹਿਜ਼ 4 ਫ਼ੀਸਦੀ ਪ੍ਰਦੂਸ਼ਣ ਹੀ ਫੈਲਦਾ ਹੈ ਪਰ ਬਾਕੀ ਦਾ 96 ਫ਼ੀਸਦੀ ਪ੍ਰਦੂਸ਼ਣ ਕੂੜੇ, ਕੱਚੀਆਂ ਸੜਕਾਂ, ਧੂੜ, ਊਸਾਰੀਆਂ ਤੇ ਇਮਾਰਤਾਂ ਗਿਰਾਉਣ ਆਦਿ ਜਿਹੀਆਂ ਗਤੀਵਿਧੀਆਂ ਨਾਲ ਹੁੰਦਾ ਹੈ।’’

    ਉਧਰ, ਜਾਵੜੇਕਰ ਦੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਮੱਸਿਆ ਨੂੰ ਨਕਾਰੇ ਜਾਣ ਨਾਲ ਕੋਈ ਹੱਲ ਨਹੀਂ ਨਿਕਲਣਾ। ਕੇਜਰੀਵਾਲ ਨੇ ਟਵਿੱਟਰ ’ਤੇ ਕੇਂਦਰੀ ਮੰਤਰੀ ਨੂੰ ਪੁੱਛਿਆ ਕਿ ਜੇਕਰ ਪਰਾਲੀ ਸਾੜੇ ਜਾਣ ਕਾਰਨ ਸਿਰਫ਼ 4 ਫ਼ੀਸਦੀ ਪ੍ਰਦੂਸ਼ਣ ਫੈਲਦਾ ਹੈ ਤਾਂ ਪਿਛਲੇ 15 ਦਿਨਾਂ ’ਚ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਅਚਾਨਕ ਕਿਉਂ ਵੱਧ ਗਿਆ।

    ਉਨ੍ਹਾਂ ਨੇ ਕਿਹਾ ਕਿ ਹਰ ਸਾਲ ਇੰਝ ਹੀ ਹੁੰਦਾ ਹੈ ਤੇ ਸਥਾਨਕ ਕਾਰਨਾਂ ਕਰਕੇ ਅਚਾਨਕ ਹੀ ਪ੍ਰਦੂਸ਼ਣ ਦਾ ਪੱਧਰ ਨਹੀਂ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਾਸਾ ਵੱਲੋਂ ਲਈਆਂ ਸੈਟੇਲਾਈਟ ਤਸਵੀਰਾਂ ’ਚ ਅੰਮ੍ਰਿਤਸਰ, ਪਟਿਆਲਾ, ਤਰਨ ਤਾਰਨ, ਫਿਰੋਜ਼ਪੁਰ, ਰਾਜਪੁਰਾ ਤੇ ਅੰਬਾਲਾ ’ਚ ਖੇਤਾਂ ਤੋਂ ਧੂੰਆਂ ਉੱਠਦਾ ਨਜ਼ਰ ਆਇਆ ਹੈ।

    LEAVE A REPLY

    Please enter your comment!
    Please enter your name here