ਦਿਹਾਤੀ ਮਜ਼ਦੂਰ ਸਭਾ ਵੱਲੋਂ ਖੇਤ ਮਜ਼ਦੂਰਾਂ ਖ਼ਿਲਾਫ਼ ਜਾਰੀ ਫਰਮਾਨਾਂ ਦੀ ਨਿਖੇਧੀ

    0
    149

    ਜਲੰਧਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਸੂਬੇ ਦੀਆਂ ਕੁੱਝ ਕੁ ਪੰਚਾਇਤਾਂ ਵੱਲੋਂ, ਖੇਤਾਂ ਵਿਚ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਦੇ ਆਹਰ ਲੱਗੇ ਖੇਤ ਮਜਦੂਰਾਂ ਖਿਲਾਫ਼ ਜਾਰੀ ਕੀਤੇ ਜਾ ਰਹੇ ਮਜ਼ਦੂਰ ਵਿਰੋਧੀ ਫੁਰਮਾਨਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਵੱਲੋਂ ਬਿਆਨ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਸਾਥੀ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਮੁੱਠੀ ਭਰ ਅਜਿਹੀਆਂ ਪੰਚਾਇਤਾਂ ਦੀਆਂ ਇਹ ਕਾਰਵਾਈਆਂ ਮਜ਼ਦੂਰਾਂ-ਕਿਸਾਨਾਂ ਅਤੇ ਹੋਰਨਾਂ ਮਿਹਨਤੀ ਵਰਗਾਂ ਦੀ ਫੌਲਾਦੀ ਏਕਤਾ ਸਦਕਾ ਮੋਦੀ ਸਰਕਾਰ ਨੂੰ ਕੰਬਣੀਆਂ ਛੇੜਣ ਵਾਲੇ ਦੇਸ਼ ਵਿਆਪੀ ਜਨ ਅੰਦੋਲਨ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਣ ਵਾਲੀਆਂ ਹਨ।

    ਅਜਿਹੇ ਫੁੱਟਪਾਊ ਤੇ ਭੜਕਾਊ ਬਿਆਨਾਂ ਪਿੱਛੇ ਸਰਕਾਰ ਪ੍ਰਸਤ ਤੱਤਾਂ ਦੀ ਲੋਕ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟ ਕਰਦਿਆਂ ਆਗੂਆਂ ਨੇ ਕਿਹਾ ਕਿ ਅਜੋਕੇ ਸਮੇਂ, ਜਦੋਂ ਸੰਘਰਸ਼ ਸ਼ਿਖਰਾਂ ’ਤੇ ਹੈ ਅਤੇ ਮਜ਼ਦੂਰਾਂ ਕਿਸਾਨਾਂ ਦੀ ਯਕਜਹਿਤੀ ਹੋਰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਜ਼ੁਕ ਮੋੜ ਤੇ ਅਜਿਹੀਆਂ ਕਾਰਵਾਈਆਂ ਰਾਹੀਂ ਮੋਦੀ ਸਰਕਾਰ ਦੀ ਇਸ ਤੋਂ ਹੋਰ ਵੱਡੀ ਸੇਵਾ ਕੀ ਹੋ ਸਕਦੀ ਹੈ? ਮਜ਼ਦੂਰ ਆਗੂਆਂ ਨੇ ਆਖਿਆ ਕਿ ਮਜ਼ਦੂਰਾਂ ਦੀ ਦਿਹਾੜੀ ਤੈਅ ਕਰਨ ਦਾ ਮਸਲਾ ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਅਤੇ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਦੇ ਅਧਾਰ ਤਹਿਤ ਨਾ ਹੀ ਕਿਸੇ ਕਿਰਤੀ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਜਗ੍ਹਾ ਕੰਮ ਕਰਨ ਦੇ ਮੂਲ ਅਧਿਕਾਰ ਤੋਂ ਰੋਕਿਆ ਜਾ ਸਕਦਾ ਹੈ।

    ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਭਾਈਚਾਰਾ ਤੋੜਨ ਵਾਲੇ ਬਿਆਨ ਜਾਰੀ ਕਰਨ ਵਾਲੇ ਲੋਕ ਦੋਖੀ, ਮੋਦੀ ਸਰਕਾਰ ਦੇ ਪਿੱਠੂ ਘੜੰਮ ਚੌਧਰੀਆਂ ਵਿਰੁੱਧ ਫੌਰੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਹੈਰਾਨੀ ਜਾਹਿਰ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਆਪੋ-ਆਪਣੇ ਪਿੰਡਾਂ ਤੋਂ ਬਾਹਰ ਜਾਕੇ ਮਜ਼ਦੂਰੀ ਕਰਨੋਂ ਰੋਕਣ ਵਾਲੇ ਧਮਕੀਨੁਮਾ ਬਿਆਨ ਇਹ ਪ੍ਰਭਾਵ ਦਿੰਦੇ ਹਨ, ਜਿਵੇਂ ਪਿੰਡਾਂ ਅੰਦਰ ਵਸਦੇ ਮਜ਼ਦੂਰ ਅਜਿਹੇ ਮੰਦਭਾਗੇ ਬਿਆਨ ਜਾਰੀ ਕਰਨ ਵਾਲੇ ਅਖੌਤੀ ਚੌਧਰੀਆਂ ਦੇ ਗੁਲਾਮ ਹੋਣ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦਾ ਪੁਲਿਸ-ਪ੍ਰਸ਼ਾਸ਼ਨ ਵੱਲੋਂ ਫੌਰੀ ਨੋਟਿਸ ਲੈ ਕੇ ਬਣਦਾ ਦਖਲ ਨਾ ਦੇਣਾ ਹੋਰ ਵੀ ਨਿਰਾਸ਼ ਕਰਨ ਵਾਲਾ ਹੈ। ਮਜ਼ਦੂਰ ਆਗੂਆਂ ਨੇ ‘ਭਾਈ ਲਾਲੋਆਂ’ ਦੇ ਸਵੈਮਾਣ ਦੀ ਬਹਾਲੀ ਅਤੇ ਰਾਖੀ ਦੇ ਪ੍ਰਤੀਕ ਗੁਰੂ ਘਰਾਂ ਦੀ ਅਜਿਹੇ ਕੋਝੇ ਮੰਤਵਾਂ ਲਈ ਦੁਰਵਰਤੋਂ ਕੀਤੇ ਜਾਣ ’ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

    ਉਨ੍ਹਾਂ ਕਿਹਾ ਕਿ ਅਜਿਹੇ ਫਰਮਾਨ ਜਾਰੀ ਕਰਨੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਗੁਰੂ ਬਾਣੀ ਦੇ ਐਨ ਉਲਟ ਵਰਤਾਰਾ ਹਨ। ਮਜ਼ਦੂਰ ਆਗੂਆਂ ਨੇ ਸਵਾਲ ਕੀਤਾ ਕਿ ਜਦੋਂ ਕਾਰਪੋਰੇਟਾਂ ਵੱਲੋਂ ਕਿਸਾਨਾਂ ਦੀ ਬੇਕਿਰਕ ਲੁੱਟ ਕੀਤੀ ਜਾਂਦੀ ਹੈ ਉਦੋਂ ਅਜਿਹੀਆਂ ਪੰਚਾਇਤਾਂ ਦੇ ਮੂੰਹੋਂ ਵਿਰੋਧ ਦਾ ਇਕ ਵੀ ਬੋਲ ਕਿਉਂ ਨਹੀਂ ਨਿਕਲਦਾ! ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਦਿੱਲੀ ਅੰਦੋਲਨ ਦਾ ਪਹਿਲਾਂ ਵਾਂਗ ਹੀ ਡਟਵਾਂ ਸਮਰਥਨ ਕਰਦੇ ਰਹਿਣ ਦਾ ਸੰਕਲਪ ਦਿ੍ਰੜਾਉਂਦਿਆਂ ‘ਸੰਯੁਕਤ ਕਿਸਾਨ ਮੋਰਚਾ’ ਵਿੱਚ ਸ਼ਾਮਲ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੂੰ ਯੋਗ ਦਖਲ ਦੇਣ ਦੀ ਅਪੀਲ ਵੀ ਕੀਤੀ ਹੈ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਅੱਖ ਦੀ ਪੁਤਲੀ ਵਾਂਗ ਕਿਰਤੀ ਕਿਸਾਨਾਂ ਤੇ ਮਿਹਨਤੀ ਤਬਕਿਆਂ ਦੀ ਏਕਤਾ ਦੀ ਰਾਖੀ ਕਰਨ ਲਈ ਵਚਨਬੱਧ ਹੈ।

     

    LEAVE A REPLY

    Please enter your comment!
    Please enter your name here