ਤਨਦੇਹੀ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ :

    0
    128

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਹਾਰ ਹੁੰਦੀ ਹੈ, ਜਦੋਂ ਮੰਨ ਲਿਆ ਜਾਂਦਾ ਹੈ, ਜਿੱਤ ਹੁੰਦੀ ਹੈ ਜਦੋਂ ਠਾਨ ਲਿਆ ਜਾਂਦਾ ਹੈ। ਕਿਸੇ ਸ਼ਾਇਰ ਦੀਆਂ ਇਹ ਲਾਈਨਾਂ ਅੱਜ ਦੇ ਦੌਰ ਵਿੱਚ ਹਰ ਉਸ ਇਨਸਾਨ ‘ਤੇ ਸਹੀ ਢੁੱਕਦੀਆਂ ਹਨ, ਜੋ ਇਸ ਮੁਸ਼ਕਿਲ ਦੌਰ ਵਿੱਚ ਆਪਣੀ ਜ਼ਿੰਮੇਦਾਰੀ ਨੂੰ ਲਗਨ ਨਾਲ ਨਿਭਾਅ ਰਿਹਾ ਹੈ। ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਜਿਥੇ ਜਨਤਾ ਦੀ ਸੁਰੱਖਿਆ ਲਈ ਸਰਕਾਰ ਵਲੋਂ ਕਰਫ਼ਿਊ ਲਗਾ ਕੇ ਉਨ੍ਹਾਂ ਨੇ ਨੂੰ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ, ਉਥੇ ਇਸ ਤਰ੍ਹਾਂ ਦੇ ਲੋਕ ਵੀ ਹਨ, ਜੋ ਸਰਕਾਰ ਦੇ ਨਿਰਦੇਸ਼ਾਂ ‘ਤੇ ਲੋਕਾਂ ਦੀ ਸੁਰੱਖਿਆ ਲਈ ਫੀਲਡ ਵਿੱਚ ਕੰਮ ਕਰ ਰਹੇ ਹਨ। ਜ਼ਿਲ੍ਹੇ ਦੇ ਸਿਹਤ ਵਿਭਾਗ ਦਾ ਇਕ ਐਸਾ ਹੀ ਦਿਵਆਂਗ ਕਰਮਚਾਰੀ ਬੁਲੰਦ ਹੌਂਸਲੇ ਨਾਲ ਇਸ ਮੁਸ਼ਕਿਲ ਘੜੀ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਹੈ। ਪ੍ਰਾਇਮਰੀ ਹੈਲਥ ਸੈਂਟਰ ਪੋਸੀ ਅਧੀਨ ਆਉਂਦੇ ਸਬ ਸੈਂਟਰ ਭਾਰੋਵਾਲ ਦਾ 38 ਸਾਲਾ ਮਲਟੀਪਰਪਜ ਹੈਲਥ ਵਰਕਰ ਜਸਵਿੰਦਰ ਸਿੰਘ ਦਿਵਆਂਗ ਹੋਣ ਦੇ ਬਾਵਜੂਦ ਦਿਨ-ਰਾਤ ਸਿਹਤ ਵਿਭਾਗ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਰਿਹਾ ਹੈ।

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜਸਵਿੰਦਰ ਸਿੰਘ ਦੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਿਊਟੀ ਕਰ ਰਹੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਇਸੇ ਇਕਜੁੱਟਤਾ ਨਾਲ ਮਾਨਵਤਾ ਦੀ ਸੇਵਾ ਲਈ ਕੰਮ ਕਰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਸਿਵਲ ਸਰਜਨ ਡਾ. ਜਸਵੀਰ ਸਿੰਘ ਦੀ ਅਗਵਾਈ ਵਿੱਚ ਇਸ ਨਾਜ਼ੁਕ ਦੌਰ ਵਿੱਚ ਸਿਹਤ ਵਿਭਾਗ ਦੁਆਰਾ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਜਸਵਿੰਦਰ ਸਿੰਘ ਵਰਗੇ ਕਰਮਚਾਰੀ ਬਾਕੀਆਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ, ਜੋ ਸਰੀਰਕ ਅਸਮਰੱਥਾ ਦੇ ਬਾਵਜੂਦ ਜ਼ਿਲ੍ਹਾ  ਪ੍ਰਸ਼ਾਸ਼ਨ ਵਲੋਂ ਸੌਂਪੀ ਗਈ ਜ਼ਿੰਮੇਦਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਦੌਲਤ ਇਸ ਮੁਸ਼ਕਿਲ ਘੜੀ ਵਿਚੋਂ ਅਸੀਂ ਜਲਦੀ ਬਾਹਰ ਨਿਕਲ ਆਵਾਂਗੇ।

    ਜਸਵਿੰਦਰ ਸਿੰਘ ਨੇ ਦੱਸਿਆ ਕਿ 6 ਸਤੰਬਰ 2019 ਵਿੱਚ ਉਸ ਨੇ ਸਿਹਤ ਵਿਭਾਗ ਵਿੱਚ ਬਤੌਰ ਮਲਟੀਪਰਪਜ ਹੈਲਥ ਵਰਕਰ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਸਨ। ਨਿਯੁਕਤੀ ਪੱਤਰ ਦੇਣ ਦੌਰਾਨ ਸੂਬੇ ਦੇ ਸਿਹਤ ਮੰਤਰੀ ਸ਼੍ਰੀ ਬਲਵੀਰ ਸਿੰਘ ਸਿੱਧੂ ਨੇ ਇਕ ਗੱਲ ਕਹੀ ਸੀ ਕਿ ਆਪਣੇ ਆਪ ਨੂੰ ਕਦੇ ਦਿਵਆਂਗ ਨਹੀਂ ਸਮਝਣਾ ਅਤੇ ਤਨਦੇਹੀ ਅਤੇ ਮਿਹਨਤ ਨਾਲ ਆਪਣੀ ਡਿਊਟੀ ਕਰਨਾ, ਬੱਸ ਇਹੀ ਗੱਲ ਉਸ ਦੇ ਦਿਮਾਗ ਵਿੱਚ ਘਰ ਕਰ ਗਈ ਅਤੇ ਇਸੇ ਗੱਲ ਨੂੰ ਫੋਕਸ ਕਰਦਿਆਂ ਉਹ ਆਪਣੀ ਡਿਊਟੀ ਕਰ ਰਿਹਾ ਹੈ ਅਤੇ ਕਦੇ ਵੀ ਮਨ ਵਿੱਚ ਇਸ ਗੱਲ ਨੂੰ ਨਹੀਂ ਆਉਣ ਦਿੱਤਾ ਕਿ ਉਹ ਸਰੀਰਕ ਤੌਰ ‘ਤੇ ਕਮਜ਼ੋਰ ਹੈ।

    ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2009 ਵਿੱਚ ਇਕ ਹਾਦਸੇ ਦੌਰਾਨ ਉਸ ਦੀ ਲੱਤ ਕੱਟੀ ਗਈ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਉਹ ਸਿਹਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਉਸ ਨੇ ਕਿਹਾ ਕਿ ਸਬੰਧਤ ਸਬ ਸੈਂਟਰ ਅਧੀਨ ਕਰੀਬ 9 ਪਿੰਡ ਆਉਂਦੇ ਹਨ, ਜਿਥੇ ਹੋਮ ਕੁਆਰਨਟਾਈਨ ਕੀਤੇ ਵਿਅਕਤੀਆਂ ਦਾ ਫਾਲੋਅੱਪ ਕਰਨ ਤੋਂ ਇਲਾਵਾ ਵਿਭਾਗ ਵਲੋਂ ਦਿੱਤੀ ਗਈ ਹੋਰ ਜ਼ਿੰਮੇਵਾਰੀ ਵੀ ਨਿਭਾਈ ਜਾ ਰਹੀ ਹੈ। ਉਸ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਉਸ ਨੂੰ ਆਪਣੀ ਸਰੀਰਕ ਮਜ਼ਬੂਤੀ ਤੋਂ ਜ਼ਿਆਦਾ ਆਪਣੀ ਡਿਊਟੀ ਦਿਖਾਈ ਦੇ ਰਹੀ ਹੈ, ਕਿਉਂਕਿ ਅੱਜ ਸਮਾਜ ਮੁਸ਼ਕਿਲ ਦੌਰ ਵਿੱਚੋਂ ਗੁਜਰ ਰਿਹਾ ਹੈ।ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿੰਦਗੀ ਵਿੱਚ ਤਾਂ ਦਿੱਕਤਾਂ ਆਉਂਦੀਆਂ ਹੀ ਰਹਿੰਦੀਆਂ ਹਨ, ਇਸ ਲਈ ਸਮੱਸਿਆਵਾਂ ਤੋਂ ਦੂਰ ਨਹੀਂ ਭੱਜਣਾ ਚਾਹੀਦਾ, ਬਲਕਿ ਉਸ ਦਾ ਡਟਕੇ ਸਾਹਮਣਾ ਕਰਨਾ ਚਾਹੀਦਾ ਹੈ।

    ਉਨ੍ਹਾਂ ਨੇ ਦੱਸਿਆ ਕਿ ਉਸ ਦੀ ਟੀਮ ਦੇ ਇੰਚਾਰਜ ਸੁਪਰਵਾਈਜ਼ਰ ਡਾ. ਰਾਮ ਗੋਪਾਲ ਅਤੇ ਬਾਕੀ ਟੀਮ ਹਮੇਸ਼ਾਂ ਉਸ ਦਾ ਹੌਂਸਲਾ ਵਧਾਉਂਦੀ ਹੈ। ਉਸ ਨੇ ਦੱਸਿਆ ਕਿ ਅਸੀਂ ਇਕ ਟੀਮ ਵਰਕ ਦੇ ਤੌਰ ‘ਤੇ ਕੰਮ ਕਰ ਰਹੇ ਹਾਂ, ਜਿਸ ਦੇ ਚੱਲਦੇ ਰੋਜ਼ਾਨਾ ਕਰੀਬ 30 ਘਰਾਂ ਦਾ ਦੌਰਾ ਕਰਕੇ ਫਾਲੋਅੱਪ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪ ਨੂੰ ਘਰਾਂ ਵਿੱਚ ਸੁਰੱਖਿਅਤ ਰੱਖਣ ਲਈ ਹੀ ਅਸੀਂ ਡਿਊਟੀ ਕਰ ਰਹੇ ਹਾਂ, ਇਸ ਲਈ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ।

    LEAVE A REPLY

    Please enter your comment!
    Please enter your name here