ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਅੱਜ ਵੀ ਹੋਵੇਗੀ ਮੀਟਿੰਗ

    0
    149

    ਨਵੀ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਅੰਦੋਲਨ ਅੱਜ 59ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। 26 ਜਨਵਰੀ ਨੂੰ ਦਿੱਲੀ ‘ਚ ਕਿਸਾਨਾਂ ਦੀ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਫ਼ਿਰ ਕਿਸਾਨ ਜੱਥੇਬੰਦੀਆਂ ਅਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਵੇਗੀ।

    ਇਸ ਤੋਂ ਪਹਿਲਾਂ 2 ਵਾਰ ਹੋਈ ਮੀਟਿੰਗ ਦੌਰਾਨਕੋਈ ਸਹਿਮਤੀ ਨਹੀਂ ਬਣੀ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਟਰੈਕਟਰ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ ਪਰ ਕਿਸਾਨ ਰਿੰਗ ਰੋਡ ‘ਤੇ ਪਰੇਡ ਕਰਨ ਲਈ ਬਜ਼ਿਦ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਅੰਦਰ ਪਰੇਡ ਦੀ ਪੁਲਿਸ ਇਜਾਜ਼ਤ ਨਹੀਂ ਦੇ ਰਹੀ।

    ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਹੁਣ ਤੱਕ 11ਵੇਂ ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਕਿਸਾਨ ਇੱਕ ਵਾਰ ਮੁੜ ਤੋਂ ਸਰਕਾਰ ਦੀ ਪ੍ਰਪੋਜਲ ‘ਤੇ ਵਿਚਾਰ ਕਰ ਲੈਣ ਪਰ ਕਿਸਾਨਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਹੈ। ਕਿਸਾਨਾਂ ਨੇ ਅੱਜ ਵੀ ਕਾਨੂੰਨ ਰੱਦ ਕਰਨ ਸਬੰਧੀ ਆਪਣਾ ਸਟੈਂਡ ਸਪੱਸ਼ਟ ਕੀਤਾ ਸੀ।

    ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਜੋ ਪ੍ਰਸਤਾਵ ਦਿੱਤਾ ਹੈ ਉਹ ਤੁਹਾਡੇ ਹਿੱਤ ਲਈ ਹੈ। ਅਸੀਂ ਇਸ ਤੋਂ ਬਿਹਤਰ ਕੁੱਝ ਨਹੀਂ ਕਰ ਸਕਦੇ। ਜੇ ਤੁਹਾਡਾ ਕੋਈ ਵਿਚਾਰ ਬਣਦਾ ਹੈ, ਤਾਂ ਇੱਕ ਵਾਰ ਸੋਚੋ। ਅਸੀਂ ਦੁਬਾਰਾ ਮਿਲਾਂਗੇ ਪਰ ਅਗਲੀ ਤਰੀਕ ਨਿਰਧਾਰਤ ਨਹੀਂ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਡੇਢ ਸਾਲ ਲਈ ਖੇਤੀਬਾੜੀ ਕਾਨੂੰਨਾਂ ‘ਤੇ ਪਾਬੰਦੀ ਲਗਾਉਣ ਲਈ ਤਿਆਰ ਹੈ। ਸਰਕਾਰ ਇਸ ਤੋਂ ਵਧੀਆ ਪ੍ਰਪੋਜਲ ਪੇਸ਼ ਨਹੀਂ ਕਰ ਸਕਦੀ।

    LEAVE A REPLY

    Please enter your comment!
    Please enter your name here