ਝੋਨੇ ਦੀ ਖ਼ਰੀਦ ਅੱਗੇ ਪਾਉਣਾ ਪੰਜਾਬ ਨਾਲ ਸਰਾਸਰ ਧੱਕਾ : ਸੁਨੀਲ ਜਾਖੜ

    0
    138

    ਚੰਡੀਗੜ੍ਹ, (ਰਵਿੰਦਰ) :

    ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਮਾੜੀ ਨੀਅਤ ਨਾਲ ਝੋਨੇ ਦੀ ਖ਼ਰੀਦ ਅੱਗੇ ਪਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਵੀ ਲੋਕ ਮਾਰੂ ਕਰਾਰ ਦਿੰਦਿਆਂ ਦਿੱਲੀ ਸਰਕਾਰ ਵੱਲੋਂ ਇੰਡਸਟਰੀ ਨੂੰ ਬਿਜਲੀ ਸਬੰਧੀ ਵਿਖਾਏ ਸਬਜ਼ਬਾਗ ਦੇ ਢੋਲ ਦੀ ਪੋਲ ਖੋਲ੍ਹੀ ਹੈ।

    ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰੇ ਅਤੇ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰੇ। ਅਚਾਨਕ ਬੀਤੀ ਰਾਤ ਖਰੀਦ ਸ਼ੁਰੂ ਕਰਨ ਦੀ ਤਰੀਕ ਅੱਗੇ ਪਾ ਕੇ ਕੇਂਦਰ ਸਰਕਾਰ ਨੇ ਆਪਣੀ ਬਦਨੀਤੀ ਜ਼ਾਹਰ ਕੀਤੀ ਹੈ। ਦੁਆਬੇ ਵਿਚ ਕਿਸਾਨਾਂ ਨੇ ਝੋਨਾ ਵੱਢ ਕੇ ਆਲੂਆਂ ਦੀ ਬਿਜਾਈ ਕਰਨੀ ਹੁੰਦੀ ਹੈ, ਉਥੇ ਕਿਸਾਨ ਵਾਢੀ ਵਿਚ ਦੇਰੀ ਨਹੀਂ ਕਰ ਸਕਦੇ ਹਨ।

    ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਮੋਦੀ ਸਰਕਾਰ ਦੀਆਂ ਚਾਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਝੋਨੇ ਦੀ ਖ਼ਰੀਦ ਦੇ ਮਾਪਦੰਡ ਬਦਲੇ ਅਤੇ ਸ਼ੈਲਰਾਂ ਨੂੰ ਸੀਬੀਆਈ ਰਾਹੀਂ ਡਰਾਇਆ ਗਿਆ ਅਤੇ ਹੁਣ ਖ਼ਰੀਦ ਵਿਚ ਦੇਰੀ ਕਰ ਕੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਸਬੰਧੀ ਕੇਂਦਰ ਸਰਕਾਰ ਕੋਲ ਮੁੱਦਾ ਉਠਾ ਰਹੇ ਤੇ ਉਨ੍ਹਾਂ ਨੇ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਵਿਚੋਂ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰੇ।ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ’ਤੇ ਵਰਦਿਆਂ ਕਿਹਾ ਕਿ ਆਪਣੀ ਲੁਧਿਆਣਾ ਫੇਰੀ ਦੌਰਾਨ ਉਹ ਉਦਯੋਗਪਤੀਆਂ ਨੂੰ ਦਿੱਲੀ ਮਾਡਲ ਦੀਆਂ ਡੀਂਗਾ ਮਾਰ ਕੇ ਗਏ ਹਨ ਪਰ ਉਨ੍ਹਾਂ ਨੇ ਦਿੱਲੀ ਮਾਡਲ ਦਾ ਅਸਲ ਪੱਖ ਨਹੀਂ ਦੱਸਿਆ। ਦਿੱਲੀ ਵਿਚ ਯੱਕਮੁਸਤ ਸਾਰੇ ਉਦਯੋਗਾਂ ਨੂੰ ਬਿਜਲੀ 10.29 ਰੁਪਏ ਪ੍ਰਤੀ ਯੁਨਿਟ ਦਿੱਤੀ ਜਾ ਰਹੀ ਹੈ ਜਦਕਿ ਪੰਜਾਬ ਸਰਕਾਰ ਛੋਟੇ ਉਦਯੋਗਾਂ ਨੂੰ 5.99 ਰੁਪਏ, ਦਰਮਿਆਨੇ ਉਦਯੋਗਾਂ ਨੂੰ 7.88 ਰੁਪਏ ਅਤੇ ਵੱਡੇ ਉਦਯੋਗਾਂ ਨੂੰ 6.98 ਰੁਪਏ ਦੀ ਦਰ ਤੇ ਬਿਜਲੀ ਦੇ ਰਹੀ ਹੈ। ਪੰਜਾਬ ਸਰਕਾਰ ਦੇ ਇਹ ਰੇਟ ਸਾਰੇ ਟੈਕਸਾਂ ਸਮੇਤ ਹਨ। ਆਮ ਆਦਮੀ ਪਾਰਟੀ ਸਿਰਫ਼ ਝੂਠ ਦੀ ਰਾਜਨੀਤੀ ਕਰਦੀ ਹੈ। ਆਪ ਦੀ ਸਰਕਾਰ ਦਿੱਲੀ ਵਿਚ ਸਭ ਨੂੰ ਲੁੱਟ ਰਹੀ ਹੈ ਅਤੇ ਪੰਜਾਬ ਵਿਚ ਆ ਕੇ ਰਿਆਇਤਾਂ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਲੋਕ ਆਪ ਪਾਰਟੀ ਆਗੂਆਂ ਦੀਆਂ ਚਾਲਾਂ ਨੂੰ ਭਲੀ ਭਾਂਤ ਸਮਝ ਗਏ ਹਨ ਅਤੇ ਉਹ ਆਪ ਦੀਆਂ ਚਾਲਾਂ ਵਿਚ ਨਹੀਂ ਆਉਣ ਵਾਲੇ।

    LEAVE A REPLY

    Please enter your comment!
    Please enter your name here