ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਸਬਸਿਡੀ ’ਤੇ ਦੇਵੇਗੀ ਖੇਤੀ ਮਸ਼ੀਨਾਂ :

    0
    165

    ਫਾਜ਼ਿਲਕਾ, ਜਨਗਾਥਾ ਟਾਇਮਜ਼: (ਰਵਿੰਦਰ)

    ਫਾਜ਼ਿਲਕਾ : ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਬਾਰੇ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਨੇ ਸਾਉਣੀ 2020 ਦੌਰਾਨ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ/ਖੇਤੀ ਸੰਦ ਖ਼ਰੀਦਣ ਲਈ ਕਿਸਾਨਾਂ ਨੂੰ 50 ਫ਼ੀਸਦੀ ਤੋਂ 80 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮੌਜੂਦਾ ਸਾਉਣੀ ਸੀਜ਼ਨ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਦੇਣ ਲਈ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀਗਤ ਰੂਪ ਵਿੱਚ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਜਦਕਿ ਸੁਸਾਇਟੀਆਂ, ਪੰਚਾਇਤਾਂ ਅਤੇ ਕਿਸਾਨ ਗਰੁੱਪਾਂ ਨੂੰ 80 ਫ਼ੀਸਦੀ ਸਬਸਿਡੀ ਮਿਲੇਗੀ।

    ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨ ਗਰੁੱਪਾਂ ਨੂੰ ਇਹ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਕਿਸਾਨ ਫ਼ਸਲਾਂ ਨੂੰ ਅੱਗ ਲਾਉਣ ਤੋਂ ਸੰਜਮ ਵਰਤਣਗੇ ਤਾਂ ਜੋ ਪੰਜਾਬ ਨੂੰ ‘ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ। ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਨਾ ਹਵਾ ਪ੍ਰਦੂਸ਼ਣ ਫੈਲਦਾ ਹੈ ਸਗੋਂ ਮਿੱਟੀ ਦੀ ਉਪਰਲੀ ਪਰਤ ’ਤੇ ਮਿੱਤਰ ਜੀਵਾਂ ਅਤੇ ਕੀਮਤੀ ਕੁਦਰਤੀ ਤੱਤ ਤਬਾਹ ਹੋ ਜਾਣ ਨਾਲ ਜ਼ਮੀਨ ਦੀ ਸਿਹਤ ’ਤੇ ਵੀ ਬੁਰਾ ਅਸਰ ਪੈਂਦਾ ਹੈ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਵਿੱਚ ਆਲਾ ਦਰਜੇ ਦੇ ਖੇਤੀ ਸੰਦ ਸ਼ਾਮਲ ਹਨ ਜਿਨ੍ਹਾਂ ਵਿੱਚ ਕੰਬਾਇਨਾਂ ’ਤੇ ਲਗਦੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ, ਪੈਡੀ ਸਟਾਅਰ ਚੌਪਰ/ਸ਼ਰੈਡਰ/ਮਲਚਰ, ਆਰ.ਐੱਮ.ਬੀ. ਪਲੌਅ, ਜ਼ੀਰੋ ਟਿੱਲ ਡਰਿੱਲ ਅਤੇ ਸੁਪਰ ਸੀਡਰ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾ ਕੇ ਸਾੜਣ ਦੇ ਰੁਝਾਨ ਨੂੰ ਖ਼ਤਮ ਕਰਨ ਲਈ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਖਪਾਉਣ ਦੇ ਮੱਦੇਨਜ਼ਰ ਇਸ ਮਸ਼ੀਨਰੀ ’ਤੇ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਖੇਤਾਂ ਤੋਂ ਬਾਹਰ ਪਰਾਲੀ ਦਾ ਨਿਪਟਾਰਾ ਕਰਨ ਲਈ ਬੇਲਰ ਅਤੇ ਰੇਕ ਵਰਗੀ ਲੋਂੜੀਦੀ ਮਸ਼ੀਨਰੀ ਨੂੰ ਵੀ ਸਬਸਿਡੀ ਦੇ ਘੇਰੇ ਹੇਠ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 17 ਅਗਸਤ ਤੱਕ ਕਿਸਾਨ ਵੀਰ ਆਪਣੀਆਂ ਅਰਜੀਆਂ ਸੰਬੰਧਤ ਬਲਾਕਾਂ ਦੇ ਖੇਤੀਬਾੜੀ ਦਫਤਰਾਂ ਵਿਖੇ ਜਮਾਂ ਕਰਵਾ ਸਕਦੇ ਹਨ।

    LEAVE A REPLY

    Please enter your comment!
    Please enter your name here