ਜੱਥੇਦਾਰ ਦੇ ਖਾਲਿਸਤਾਨ ਵਾਲੇ ਬਿਆਨ ‘ਤੇ ਭਖੀ ਸਿਆਸਤ !

    0
    121

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ। ਵਿਰੋਧੀ ਧਿਰਾਂ ਨੇ ਜੱਥੇਦਾਰ ਦੇ ਬਿਆਨ ਉੱਤੇ ਅਕਾਲੀ ਦਲ ਬਾਦਲ ਨੂੰ ਘੇਰ ਲਿਆ ਹੈ। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਘੇਰਦਿਆਂ ਆਖਿਆ ਹੈ ਕਿ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਅਜਿਹੇ ਬਿਆਨ ਜਾਰੀ ਕਰਵਾ ਦਿੰਦਾ ਹੈ।

    ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਇਹ ਸੋਚੀ ਸਮਝੀ ਸਾਜਿਸ਼ ਹੈ ਅਤੇ ਜਦੋਂ ਅਕਾਲੀ ਪਾਰਟੀ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾਂਦੀ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ, ਕਿਉਂਕਿ ਅਜਿਹੇ ਬਿਆਨ ਪੰਜਾਬ ਨੂੰ ਵੰਡਣ ਵਾਲੇ ਹਨ। ਆਪ ਆਗੂ ਨੇ ਕਿਹਾ ਹੈ ਕਿ 2017 ਵਿਚ ਚੋਣਾਂ ਸਮੇਂ ‘ਆਪ’ ਨੂੰ ਖਾਲਿਸਤਾਨੀ ਕਹਿਣ ਵਾਲੇ ਅਕਾਲੀ ਦਲ ਦਾ ਅਸਲ ਚਿਹਰਾ ਸਾਹਮਣੇ ਆਇਆ ਹੈ।

    ਖਾਲਿਸਤਾਨ ਦੀ ਮੰਗ ਦੇ ਬਿਆਨ ‘ਤੇ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਨਿਸ਼ਾਨਾ ਬਣਾਇਆ ਅਤੇ ਪੁੱਛਿਆ ਕਿ ਜੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜੱਥੇਦਾਰ ਦੀ ਖਾਲਿਸਤਾਨ ਦੀ ਮੰਗ ਨਾਲ ਸਹਿਮਤ ਹਨ ਤਾਂ ਕੀ ਉਹ ਭਾਜਪਾ ਅਤੇ ਉਸ ਦੀ ਸਰਕਾਰ ਤੋਂ ਵੱਖ ਹੋ ਜਾਣਗੇ?

    ਉੱਧਰ, ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਖਾਲਿਸਤਾਨ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ (ਜੱਥੇਦਾਰ) ਨੇ ਇਹ ਗੱਲ ਕਿਸੇ ਹੋਰ ਪ੍ਰਸੰਗ ਤੋਂ ਕਹੀ ਸੀ ਅਤੇ ਮੀਡੀਆ ਨੇ ਇਸ ਨੂੰ ਤੋੜ ਮਰੋੜ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਘੱਲੂਘਾਰਾ ਦੀ ਯਾਦ ਵਿੱਚ ਹਰ ਸਾਲ ਸਮਾਗਮ ਵਿਚ ਉਸ ਸਮੇਂ ਵਧੀਕੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਜੱਥੇਦਾਰ ਵੱਲੋਂ ਬਿਆਨ ਭਾਈਚਾਰੇ ਲਈ ਆਮ ਹੈ, ਇਸ ਨੂੰ ਗ਼ਲਤ ਢੰਗ ਨਾਲ ਨਹੀਂ ਵੇਖਿਆ ਜਾਣਾ ਚਾਹੀਦਾ। ਜਥੇਦਾਰ ਨੇ ਖਾਲਿਸਤਾਨ ਬਾਰੇ ਦਿੱਤੇ ਬਿਆਨ ਵਿਚ ਕੋਈ ਇਤਰਾਜ਼ਯੋਗ ਨਹੀਂ ਹੈ।

    LEAVE A REPLY

    Please enter your comment!
    Please enter your name here