ਜਨਰਲ, ਐੱਸਸੀ/ਐੱਸਟੀ ਸ਼੍ਰੇਣੀਆਂ ਲਈ ਪੀਪੀਐੱਸਸੀ ਦੀ ਪ੍ਰੀਖਿਆਵਾਂ ਲਈ ਫ਼ੀਸ ਘਟਾਉਣ ਦਾ ਐਲਾਨ

    0
    150

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਰਲ ਅਤੇ ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੀਆਂ ਸਾਰੀਆਂ ਪ੍ਰੀਖਿਆਵਾਂ ਲਈ ਫ਼ੀਸ ਘਟਾਉਣ ਜਦਕਿ ਆਰਥਿਕ ਤੌਰ ਉਤੇ ਕਮਜ਼ੋਰ ਵਰਗਾਂ ਅਤੇ ਦਿਵਿਆਂਗ ਉਮੀਦਵਾਰਾਂ ਲਈ ਪੂਰੀ ਫ਼ੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਇਨ੍ਹਾਂ ਪ੍ਰੀਖਿਆਵਾਂ ਲਈ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਾਲਾਂਕਿ, ਅਰਜੀ ਫ਼ੀਸ ਪਹਿਲਾਂ ਵਾਲੀ ਹੀ ਰਹੇਗੀ।

    ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇਕ ਤੋਂ ਵੱਧ ਵਿਭਾਗਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਿਰਫ਼ ਇਕ ਹੀ ਪ੍ਰੀਖਿਆ ਫ਼ੀਸ ਦੇਣੀ ਪਵੇਗੀ। ਹਾਲਾਂਕਿ, ਪੰਜਾਬ ਲੋਕ ਸੇਵਾ ਕਮਿਸ਼ਨ ਦੀ ਮੁਕਾਬਲੇ ਵਾਲੀਆਂ ਅਤੇ ਹੋਰ ਅਸਾਮੀਆਂ ਦੀ ਭਰਤੀ ਲਈ ਸਾਰੀਆਂ ਪ੍ਰੀਖਿਆਵਾਂ ਦੀ ਅਰਜੀ ਫ਼ੀਸ 500 ਰੁਪਏ ਹੀ ਰਹੇਗੀ।ਸਰਕਾਰੀ ਬੁਲਾਰੇ ਨੇ ਕਿਹਾ ਕਿ ਪੀ.ਪੀ.ਐਸ.ਸੀ. ਦੇ ਹੁਕਮਾਂ ਦੇ ਨਾਲ ਹੀ ਵੱਖ-ਵੱਖ ਸ਼੍ਰੇਣੀਆਂ ਲਈ ਕੀਤੀ ਗਈ ਛੋਟ/ਕਟੌਤੀ ਤੁਰੰਤ ਲਾਗੂ ਹੋ ਗਈ ਹੈ ਅਤੇ ਮੁੱਖ ਮੰਤਰੀ ਦੇ ਹੁਕਮਾਂ ਪਿੱਛੋਂ ਪ੍ਰਸੋਨਲ ਵਿਭਾਗ ਵੱਲੋਂ ਵੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

    ਸੋਧੀਆਂ ਹੋਈਆਂ ਫ਼ੀਸਾਂ ਮੁਤਾਬਕ ਜਨਰਲ ਸ਼੍ਰੇਣੀਆਂ ਲਈ ਮੌਜੂਦਾ ਫ਼ੀਸਾਂ ਨੂੰ 2,500 ਰੁਪਏ ਤੋਂ ਘਟਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਐਸ.ਸੀ/ਐਸ.ਟੀ. ਲਈ ਫ਼ੀਸਾਂ ਵੀ ਕਾਫ਼ੀ ਹੱਦ ਤੱਕ ਘਟਾਈਆਂ ਗਈਆਂ ਹਨ। ਇਸੇ ਤਰ੍ਹਾਂ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਵਰਗਾਂ ਦੇ ਉਮੀਦਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਅਤੇ ਦਿਵਿਆਂਗ ਸ਼੍ਰੇਣੀਆਂ ਲਈ ਫ਼ੀਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਇਹ ਐਲਾਨ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪੀ.ਪੀ.ਐਸ.ਸੀ. ਵੱਲੋਂ ਵੱਖ-ਵੱਖ ਵਿਭਾਗਾਂ ‘ਚ ਵੱਡੀ ਗਿਣਤੀ ਵਿੱਚ ਖਾਸ ਕਰਕੇ ਐਸ.ਡੀ.ਈ. ਅਤੇ ਜੇ.ਈ. ਦੀਆਂ ਆਸਾਮੀਆਂ ਲਈ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ ਹੈ।ਪ੍ਰੀਖਿਆ ਲਈ ਇਕੋ ਫ਼ੀਸ ਸੰਬੰਧੀ ਆਦੇਸ਼ਾਂ ਬਾਰੇ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਪਹਿਲਾਂ ਸਾਂਝੀਆਂ ਅਸਾਮੀਆਂ ਦੀ ਸਥਿਤੀ ਵਿਚ ਹਰੇਕ ਵਿਭਾਗ ਲਈ ਵੱਖਰੀ ਪ੍ਰੀਖਿਆ ਫ਼ੀਸ ਦੇਣੀ ਪੈਂਦੀ ਸੀ। ਹਾਲਾਂਕਿ, ਹੁਣ ਪੀਪੀਐਸਸੀ ਵੱਲੋਂ ਐਸ.ਡੀ.ਓ. ਅਤੇ ਜੇ.ਈ. ਵਰਗੀਆਂ ਅਸਾਮੀਆਂ ਲਈ ਸਾਂਝੀ ਪ੍ਰੀਖਿਆ ਲਈ ਜਾ ਰਿਹਾ ਹੈ ਅਤੇ ਫੀਸ ਦੇ ਨਵੇਂ ਢਾਂਚੇ ਵਿਚ ਉਮੀਦਵਾਰਾਂ ਨੂੰ ਸਾਰੇ ਵਿਭਾਗਾਂ ਵਿਚਲੀਆਂ ਇਨ੍ਹਾਂ ਅਸਾਮੀਆਂ ਲਈ ਇਕੋ ਪ੍ਰੀਖਿਆ ਫੀਸ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੋਵੇਗੀ। ਇਸ ਤਰ੍ਹਾਂ 17 ਵੱਖ-ਵੱਖ ਵਿਭਾਗਾਂ ਵੱਲੋਂ ਐਸ.ਡੀ.ਈ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਉਮੀਦਵਾਰ ਲਈ ਪ੍ਰੀਖਿਆ ਫ਼ੀਸ ਪਹਿਲਾਂ 17 ਵਾਰ ਲਈ ਜਾਂਦੀ ਸੀ ਪਰ ਹੁਣ ਇਕੋ ਪ੍ਰੀਖਿਆ ਫੀਸ ਲਈ ਜਾਵੇਗੀ। ਸਿਰਫ਼ ਵਿਭਾਗ ਉਤੇ ਅਧਾਰਤ ਅਪਲਾਈ ਕਰਨ ਦੀ ਫ਼ੀਸ ਲਈ ਜਾਵੇਗੀ।

    ਫ਼ੀਸ ਵਿੱਚ ਕਟੌਤੀ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈਡਬਲਯੂਐਸ) ਅਤੇ ਸਾਬਕਾ ਸੈਨਿਕ ਦੇ ਆਸ਼ਰਿਤਾਂ (ਐਲਡੀਈਐਸਐਮ) ਦੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਤੋਂ ਲਈ ਜਾਂਦੀ 2500 ਰੁਪਏ ਦੀ ਪੂਰੀ ਪ੍ਰੀਖਿਆ ਫ਼ੀਸ ਮੁਆਫ਼ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਹੁਣ ਪੀਪੀਐਸਸੀ ਵੱਲੋਂ ਕਰਵਾਏ ਜਾ ਰਹੇ ਕਿਸੇ ਮੁਕਾਬਲੇ ਵਾਲੀ/ਨੌਕਰੀ ਸੰਬੰਧੀ ਭਰਤੀ ਵਾਲੀ ਪ੍ਰੀਖਿਆ ਲਈ ਕੋਈ ਫ਼ੀਸ ਨਹੀਂ ਦੇਣੀ ਪਏਗੀ। ਇਸੇ ਤਰ੍ਹਾਂ ਦਿਵਿਆਂਗ ਵਿਅਕਤੀਆਂ (ਪੀਡਬਲਯੂਡੀ) ਤੋਂ ਲਈ ਜਾਣ ਵਾਲੀ 1,250 ਰੁਪਏ ਦੀ ਕੁੱਲ ਪ੍ਰੀਖਿਆ ਫੀਸ ਨੂੰ ਮੁਆਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਸ਼੍ਰੇਣੀ ਦੇ ਉਮੀਦਵਾਰ ਮੁਫ਼ਤ ਪੀਪੀਐਸਸੀ ਦੀ ਪ੍ਰੀਖਿਆ ਦੇ ਸਕਦੇ ਹਨ।

    ਇਸ ਦੇ ਨਾਲ ਹੀ ਸਾਰੇ ਸੂਬਿਆਂ ਦੇ ਐਸ.ਸੀ./ਐਸ.ਟੀ. ਸ਼੍ਰੇਣੀਆਂ ਅਤੇ ਪੰਜਾਬ ਦੇ ਓ.ਬੀ.ਸੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੀਪੀਐਸਸੀ ਵੱਲੋਂ ਇਹਨਾਂ ਸ਼੍ਰੇਣੀਆਂ ਦੀ ਪ੍ਰੀਖਿਆ ਫ਼ੀਸ 650 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਗਈ ਹੈ।ਜਨਰਲ ਸ਼੍ਰੇਣੀ ਸਮੇਤ ਹੋਰ ਸਾਰੇ ਉਮੀਦਵਾਰਾਂ ਨੂੰ ਲਾਭ ਦਿੰਦਿਆਂ ਪੀਪੀਐਸਸੀ ਵੱਲੋਂ ਮੌਜੂਦਾ ਪ੍ਰੀਖਿਆ ਫ਼ੀਸ ਨੂੰ 2500 ਰੁਪਏ ਤੋਂ ਘਟਾ ਕੇ 1,500 ਰੁਪਏ ਕਰ ਦਿੱਤਾ ਗਿਆ ਹੈ।

    LEAVE A REPLY

    Please enter your comment!
    Please enter your name here