ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਲੜਕੀਆਂ ਨੂੰ ਤਰਜੀਹ ’ਤੇ ਰੋਜ਼ਗਾਰ ਦੇਣ ਲਈ ਵਚਨਬੱਧ: ਡੀਸੀ

    0
    128

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਮੁਹਿੰਮ ਤਹਿਤ ਪਿੰਡਾਂ ਦੀਆਂ ਲੜਕੀਆਂ ਨੂੰ ਤਰਜੀਹ ਦੇ ਆਧਾਰ ’ਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੁੱਝ ਪਿੰਡਾਂ ਦੀ ਚੋਣ ਕਰਕੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਪਾਇਲਟ ਪ੍ਰੋਗਰਾਮ ਦੀ ਸਫ਼ਲਤਾ ’ਤੇ ਇਸ ਨੂੰ ਜ਼ਿਲ੍ਹੇ ਦੇ ਬਾਕੀ ਪਿੰਡਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ।

    ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਘਰ-ਘਰ ਰੋਜ਼ਗਾਰ ਮਿਸ਼ਨ ਦੀ ਸਮੀਖਿਆ ਦੌਰਾਨ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਨੇ 744 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ 8987 ਸਕਿੱਲ ਲੇਬਰ ਕਾਮਿਆਂ ਨੂੰ ਵੀ ਕੰਮ ਦਿਵਾਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਇਸ ਰਫ਼ਤਾਰ ਨੂੰ ਹੋਰ ਵਧਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਸਾਹਮਣੇ ਆਉਣਗੇ। ਵੀਡੀਓ ਕਾਨਫਰੰਸਿੰਗ ਦੌਰਾਨ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੀ ਕਾਰਗੁਜਾਰੀ ਨੂੰ ਸਲਾਹੁਦਿਆਂ ਪਹਿਲੇ ਨੰਬਰ ’ਤੇ ਐਲਾਨਿਆ ਗਿਆ। ਸੁਰੇਸ਼ ਕੁਮਾਰ ਨੇ ਪ੍ਰਸ਼ਾਸ਼ਨ ਵਲੋਂ ਕੀਤੇ ਉਦਮਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਦੇ ਦਿਹਾਤੀ ਤੇ ਕੰਢੀ ਖੇਤਰਾਂ ਵਿੱਚ ਰੋਜ਼ਗਾਰ ਮਿਸ਼ਨ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਕਿਹਾ।

    ਅਪਨੀਤ ਰਿਆਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਿਹਾਤੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਅਣਥੱਕ ਯਤਨ ਕਰ ਰਿਹਾ ਹੈ, ਤਾਂ ਜੋ ਯੋਗ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਢੁਕਵੇਂ ਰੋਜ਼ਗਾਰ ਯਕੀਨੀ ਬਣਾਏ ਜਾ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਨੌਜਵਾਨਾਂ ਦੀ ਸਹੂਲਤ ਲਈ ਬਲਾਕ ਪੱਧਰੀ ਰੋਜ਼ਗਾਰ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਇਸ ਮਿਸ਼ਨ ਨੂੰ ਹੇਠਲੇ ਪੱਧਰ ਤੱਕ ਲਿਜਾ ਜਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਫ਼ਾਈਦਾ ਪਹੁੰਚਾਇਆ ਜਾ ਸਕੇ। ਇਸ ਦੌਰਾਨ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਈ-ਰਿਕਸ਼ਾ ਪ੍ਰੋਗਰਾਮ ਦੀ ਵੀ ਸਲਾਹੁਤਾ ਕੀਤੀ, ਜਿਸ ਨਾਲ ਔਰਤਾਂ ਸਵੈ-ਨਿਰਭਰ ਹੋ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਿਛਲੇ ਦਿਨੀਂ ਲਾਭਪਾਤਰੀਆਂ ਨੂੰ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ 38 ਈ-ਰਿਕਸ਼ਾ ਸਪੁਰਦ ਕੀਤੀਆਂ ਹਨ।

    ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਚੰਗੀ ਕਾਰਗੁਜਾਰੀ ਦੀ ਸ਼ਲਾਘਾ ਕਰਦਿਆਂ ਲੋਕਲ ਉਦਯੋਗਿਕ ਇਕਾਈਆਂ ਦਾ ਰੋਜ਼ਗਾਰ ਮਿਸ਼ਨ ਨੂੰ ਹੁਲਾਰਾ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਤੇ ਟਰੇਨਿੰਗ ਅਫ਼ਸਰ ਕਰਮ ਚੰਦ, ਕੈਰੀਅਰ ਕਾਊਂਸਲਰ ਸ੍ਰੀ ਅਦਿੱਤਿਆ ਰਾਣਾ ਅਤੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਵੀ ਹਾਜ਼ਰ ਸਨ।

    ਪਹਿਲੇ ਬਲਾਕ ਪੱਧਰੀ ਰੋਜ਼ਗਾਰ ਰੋਜ਼ਗਾਰ ਕੈਂਪ ’ਚ 67 ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ – ਡਿਪਟੀ ਕਮਿਸ਼ਨਰ

    ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅੱਜ ਸ਼ੁਰੂ ਕੀਤੇ ਗਏ ਬਲਾਕ ਪੱਧਰੀ ਰੋਜ਼ਗਾਰ ਕੈਂਪ ਸਬੰਧੀ ਅਪਨੀਤ ਰਿਆਤ ਨੇ ਦੱਸਿਆ ਕਿ ਪਹਿਲਾ ਕੈਂਪ ਬੀ.ਡੀ.ਪੀ.ਓ. ਦਫਤਰ ਮੁਕੇਰੀਆਂ ਵਿੱਚ ਲਾਇਆ ਗਿਆ, ਜਿਥੇ ਕੁੱਲ 99 ਨੌਜਵਾਨ ਰੋਜ਼ਗਾਰ ਪ੍ਰਾਪਤੀ ਲਈ ਪੇਸ਼ ਹੋਏ, ਜਿਨ੍ਹਾਂ ਵਿੱਚੋਂ 67 ਨੂੰ ਐਸ.ਆਈ.ਐਸ. ਸਕਿਓਰਿਟੀ ਕੰਪਨੀ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ।

    ਇਸ ਮੌਕੇ ਹਲਕਾ ਵਿਧਾਇਕ ਇੰਦੂ ਬਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਪੂਰੀ ਮੇਹਨਤ, ਲਗਨ ਅਤੇ ਸ਼ਿੱਦਤ ਨਾਲ ਕੰਮ ਕਰਕੇ ਆਪਣੇ ਭਵਿੱਖ ਨੂੰ ਹੋਰ ਉਜਵੱਲ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਅਜਿਹੇ 9 ਹੋਰ ਕੈਂਪ ਲਗਾਏ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ।

    LEAVE A REPLY

    Please enter your comment!
    Please enter your name here