ਘਰੋਂ ਸਕੂਲ ਜਾਂਦੇ ਸਮੇਂ ਲਾਪਤਾ ਹੋਏ ਵਿਦਿਆਰਥੀ ਦੀ ਛੱਪੜ ‘ਚ ਤੈਰਦੀ ਮਿਲੀ ਲਾਸ਼

    0
    124

    ਅੰਮ੍ਰਿਤਸਰ, (ਰੁਪਿੰਦਰ) :

    ਘਰੋਂ ਸਕੂਲ ਜਾਂਦੇ ਸਮੇਂ ਲਾਪਤਾ ਹੋਏ ਵਿਦਿਆਰਥੀ ਹਰਨੂਰ ਸਿੰਘ ਦੀ ਸ਼ੁੱਕਰਵਾਰ ਸਵੇਰੇ ਪਿੰਡ ਛਾਪਿਆਂਵਾਲੀ ਦੇ ਇੱਕ ਛੱਪੜ ਵਿਚੋਂ ਲਾਸ਼ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਪਿੰਡ ਛਾਪਿਆਂਵਾਲੀ ਵਾਸੀ ਹਰਨੂਰ ਸਿੰਘ ਪੁੱਤਰ ਸਵਰਨਜੀਤ ਸਿੰਘ ਵੀਰਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਲਈ ਰਵਾਨਾ ਹੋਇਆ ਸੀ। ਉਹ ਬਿਆਸ ਸਥਿਤ ਸੈਕਰਟ ਹਾਰਟ ਸਕੂਲ ਵਿਚ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ। ਹਰਨੂਰ ਦੇ ਮਾਤਾ ਕਮਲਜੀਤ ਕੌਰ ਅਨੁਸਾਰ ਉਹ ਬੱਸ ਦੀ ਉਡੀਕ ਲਈ ਉਸੇ ਜਗ੍ਹਾ ਉੱਤੇ ਖੜ੍ਹਾ ਹੋਇਆ ਸੀ, ਜਿਥੇ ਉਹ ਰੋਜ਼ਾਨਾ ਖੜ੍ਹਾ ਹੁੰਦਾ ਸੀ। ਜਦੋਂ ਉਹ ਸਕੂਲ ਨਾ ਪੁੱਜਾ ਤਾਂ ਸਕੂਲ ਦੇ ਪ੍ਰਿੰਸੀਪਲ ਦਾ ਫੋਨ ਆਇਆ ਕਿ ਹਰਨੂਰ ਅੱਜ ਸਕੂਲ ਨਹੀਂ ਪੁੱਜਾ ਹੈ। ਜਦੋਂ ਪਰਿਵਾਰ ਨੇ ਸੜਕ ਉੱਤੇ ਜਾ ਕੇ ਉਸ ਜਗ੍ਹਾ ਉਤੇ ਵੇਖਿਆ ਤਾਂ ਜਿੱਥੇ ਉਹ ਰੋਜ਼ਾਨਾ ਖੜ੍ਹਾ ਹੋ ਕੇ ਬੱਸ ਦੀ ਉਡੀਕ ਕਰਦਾ ਸੀ ਤਾਂ ਉੱਥੋਂ ਉਨ੍ਹਾਂ ਨੂੰ ਹਰਨੂਰ ਦਾ ਬੈਗ ਡਿੱਗਾ ਮਿਲਿਆ ਪਰ ਉਹ ਖੁਦ ਉਥੇ ਮੌਜੂਦ ਨਹੀਂ ਸੀ। ਸ਼ੱਕ ਪੈਦਾ ਹੋਣ ਉਤੇ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਵੀਰਵਾਰ ਸਾਰਾ ਦਿਨ ਹਰਨੂਰ ਦੀ ਭਾਲ ਕਰਦੇ ਰਹੇ ਪਰ ਉਹ ਕਿਧਰੇ ਵੀ ਨਾ ਮਿਲਿਆ।ਸ਼ੁੱਕਰਵਾਰ ਸਵੇਰੇ ਹਰਨੂਰ ਦੀ ਇਕ ਪਿੰਡ ਦੇ ਛੱਪੜ ਵਿਚ ਤੈਰਦੀ ਹੋਈ ਲਾਸ਼ ਮਿਲੀ ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਤੁਰੰਤ ਮੌਕੇ ਉਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਰਨੂਰ ਦੀ ਮੌਤ ਨਾਲ ਰਈਆ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸੋਗ ਦਾ ਮਾਹੌਲ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਹਰਨੂਰ ਦੀ ਮੌਤ ਡੁੱਬਣ ਨਾਲ ਹੋਈ ਜਾਂ ਉਸ ਨੂੰ ਕਿਸੇ ਨੇ ਅਗਵਾ ਕਰਨ ਉਪਰੰਤ ਕਤਲ ਕਰਨ ਤੋਂ ਬਾਅਦ ਛੱਪੜ ਵਿੱਚ ਸੁੱਟ ਦਿੱਤਾ ਹੈ।

     

    LEAVE A REPLY

    Please enter your comment!
    Please enter your name here