ਘਰੇਲੂ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਕੀਤੀ ਖ਼ੁਦਕੁਸ਼ੀ, 3 ਜਣਿਆਂ ਖ਼ਿਲਾਫ਼ ਮਾਮਲਾ ਦਰਜ

    0
    188

    ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

    ਥਾਣਾ ਨੇਹੀਆਂਵਾਲਾ ਦੇ ਪਿੰਡ ਬਲਾਹੜ ਵਿੰਝੂ ਵਿਖੇ ਵਿਆਹੁਤਾ ਔਰਤ ਨੇ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਭਤੀਜੇ ਦੀ ਸ਼ਿਕਾਇਤ ‘ਤੇ ਉਸਦੇ ਪਤੀ, ਲੜਕੇ ਤੇ ਨੂੰਹ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

    ਜਾਣਕਾਰੀ ਅਨੁਸਾਰ ਪਿੰਡ ਬਲਾਹੜ ਵਿੰਝੂ ਦੀ ਵਸਨੀਕ ਸੁਖਪਾਲ ਕੌਰ ਨੇ ਆਪਣੇ ਘਰ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਸੂਚਨਾ ਮਿਲਣ ‘ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮਿ੍ਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਪਹੁੰਚਾਇਆ। ਇਸ ਸੰਬੰਧੀ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਮਰਹੂਮ ਦੇ ਭਤੀਜੇ ਬਾਦਲ ਸਿੰਘ ਵਾਸੀ ਪਿੰਡ ਕੈਲੇ ਬਾਂਦਰ ਨੇ ਬਿਆਨ ਦਰਜ ਕਰਵਾਏ ਹਨ ਕਿ ਸੁਖਪਾਲ ਕੌਰ ਦਾ ਵਿਆਹ ਰਣਜੀਤ ਸਿੰਘ ਵਾਸੀ ਬਲਾਹੜ ਵਿੰਝੂ ਨਾਲ ਹੋਇਆ ਸੀ।

    ਵਿਆਹ ਤੋਂ ਬਾਅਦ ਹੀ ਉਨ੍ਹਾਂ ਦੇ ਘਰ ਵਿਚ ਲੜਾਈ ਝਗੜਾ ਰਹਿਣ ਲੱਗ ਪਿਆ ਸੀ। ਬਾਦਲ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਉਸ ਦਾ ਫੁੱਫੜ ਤੇ ਉਸ ਦੇ ਪਰਿਵਾਰਕ ਮੈਂਬਰ ਸੁਖਪਾਲ ਕੌਰ ਨੂੰ ਜ਼ਿਆਦਾ ਤੰਗ ਕਰਨ ਲੱਗ ਪਏ ਸਨ, ਜਿਸ ਕਾਰਨ ਉਸ ਦੀ ਭੂਆ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਈ ਸੀ।

    ਪਰੇਸ਼ਾਨੀ ਦੀ ਹਾਲਤ ਵਿਚ ਹੀ 25 ਮਈ ਨੂੰ ਸੁਖਪਾਲ ਕੌਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਦਲ ਸਿੰਘ ਦੀ ਸ਼ਿਕਾਇਤ ‘ਤੇ ਕਥਿਤ ਦੋਸ਼ੀ ਰਣਜੀਤ ਸਿੰਘ, ਉਸ ਦੇ ਲੜਕੇ ਜਸਪ੍ਰੀਤ ਸਿੰਘ ਤੇ ਨੂੰਹ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

     

    LEAVE A REPLY

    Please enter your comment!
    Please enter your name here