ਗੈਂਗਸਟਰ ਸੁੱਖਾ ਲੰਮੇ ਨੂੰ ਸਾਥੀਆਂ ਨੇ ਹੀ ਜ਼ਹਿਰ ਦੇ ਮਾਰਿਆ, ਕਤਲ ਪਿੱਛੋਂ ਨਹਿਰ ‘ਚ ਸੁੱਟੀ ਲਾਸ਼

    0
    117

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਡੇਰਾ ਪ੍ਰੇਮੀ ਦੀ ਹੱਤਿਆ ਅਤੇ ਇੱਕ ਪੁਜਾਰੀ ‘ਤੇ ਗੋਲੀਆਂ ਚਲਾਉਣ ਸਮੇਤ ਪਿਛਲੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕਈ ਜੁਰਮਾਂ ਵਿੱਚ ਸਾਮਲ ਸਨ।

    ਲਵਪ੍ਰੀਤ ਸਿੰਘ ਉਰਫ ਰਵੀ ਅਤੇ ਰਾਮ ਸਿੰਘ ਉਰਫ ਸੋਨੂੰ ਨੂੰ ਸ਼ਨੀਵਾਰ ਦੇਰ ਰਾਤ ਰੇਲਵੇ ਕਰਾਸਿੰਗ ਮਹਿਣਾ, ਜ਼ਿਲ੍ਹਾ ਮੋਗਾ ਨੇੜੇ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਤੋਂ ਗ੍ਰਿਫ਼ਤਾਰ ਕਰਕੇ ਪੁਲਿਸ ਵੱਲੋਂ ਇੱਕ ਹੋਰ ਡੇਰਾ ਪ੍ਰੇਮੀ ਨੂੰ ਮਾਰਨ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ, ਜਿਸ ਨੂੰ ਇਹ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ਸਬੰਧੀ ਬਦਲਾ ਲੈਣ ਲਈ ਨਿਸ਼ਾਨਾ ਬਣਾ ਰਹੇ ਸਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਤਿੰਨ 0.32 ਬੋਰ ਪਿਸਤੌਲਾਂ ਨਾਲ 38 ਜਿੰਦਾ ਕਾਰਤੂਸ ਅਤੇ ਇੱਕ 0.315 ਬੋਰ ਪਿਸਤੌਲ ਨਾਲ 10 ਜਿੰਦਾ ਕਾਰਤੂਸਾਂ ਤੋਂ ਇਲਾਵਾ ਦੋ ਮੈਗਜੀਨਾਂ ਵੀ ਬਰਾਮਦ ਕੀਤੀਆਂ ਹਨ।

    ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਨਿੱਝਰ ਤੋਂ ਇਲਾਵਾ ਕੇ.ਟੀ.ਐਫ. ਦੇ ਤਿੰਨ ਹੋਰ ਸਹਿ-ਸਾਜਿਸ਼ਕਰਤਾ/ਮਾਸਟਰਮਾਈਂਡ ਹਨ ਜਿਨ੍ਹਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬਿਹਲਾ ਵਜੋਂ ਕੀਤੀ ਗਈ ਹੈ, ਇਹ ਸਰੀ (ਬੀਸੀ) ਕੈਨੇਡਾ ਵਿੱਚ ਛੁਪੇ ਹੋਏ ਹਨ ਜਦਕਿ ਕਮਲਜੀਤ ਸਰਮਾ ਉਰਫ਼ ਕਮਲ ਹਾਲੇ ਫ਼ਰਾਰ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡੱਲਾ (ਮੋਗਾ) ਅਤੇ ਰਮਨਦੀਪ ਸਿੰਘ ਉਰਫ ਰਮਨ ਜੱਜ ਪੁੱਤਰ ਸੁਖਜਿੰਦਰ ਸਿੰਘ ਵਾਸੀ ਫਿਰੋਜਪੁਰ ਕ੍ਰਮਵਾਰ 2019 ਅਤੇ 2017 ਵਿਚ ਕਾਨੂੰਨੀ ਤੌਰ ‘ਤੇ ਕੈਨੇਡਾ ਗਏ ਸਨ ਜਦਕਿ ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਬਿਹਲਾ, ਜ਼ਿਲ੍ਹਾ ਬਰਨਾਲਾ ਲਗਭਗ 2013-14 ਵਿਚ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਗਿਆ ਸੀ।

    ਗੁਪਤਾ ਨੇ ਦੱਸਿਆ ਕਿ ਮੁੱਢਲੀ ਜਾਂਚ, ਜਿਸ ਦੀ ਅਗਵਾਈ ਐਸਐਸਪੀ ਮੋਗਾ, ਹਰਮਨਬੀਰ ਸਿੰਘ ਗਿੱਲ ਨੇ ਕੀਤੀ ਸੀ, ਦੌਰਾਨ ਪਤਾ ਲੱਗਾ ਕਿ ਲਵਪ੍ਰੀਤ ਉਰਫ ਰਵੀ ਅਤੇ ਕਮਲਜੀਤ ਸਰਮਾ ਉਰਫ ਕਮਲ, ਅਰਸਦੀਪ ਨੂੰ ਜਾਣਦੇ ਸਨ ਕਿਉਂਕਿ ਇਹ ਸਾਰੇ ਬਚਪਨ ਤੋਂ ਹੀ ਇਕੋ ਪਿੰਡ ਨਾਲ ਸਬੰਧਤ ਸਨ। ਰਾਮ ਸਿੰਘ ਉਰਫ ਸੋਨੂੰ ਵਾਸੀ ਘੱਲ ਖੁਰਦ, ਜੋ ਆਈਟੀਆਈ ਮੋਗਾ ਦਾ ਵਿਦਿਆਰਥੀ ਸੀ, ਕਮਲ ਨੂੰ ਕਾਲਜ ਦੇ ਦਿਨਾਂ ਤੋਂ ਹੀ ਜਾਣਦਾ ਸੀ। ਅਰਸ਼ਦੀਪ ਨੇ ਇਹਨਾਂ ਸਾਰਿਆਂ ਨੂੰ ਪੈਸੇ ਦਿੱਤੇ ਸਨ ਜੋ ਉਸ ਨੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਜਰੀਏ ਭੇਜੇ ਸਨ।ਪਿਛਲੇ ਸਾਲ 20 ਨਵੰਬਰ ਨੂੰ ਸੋਨੂੰ ਅਤੇ ਕਮਲ ਨੇ ਜ਼ਿਲਾ ਬਠਿੰਡਾ ਦੇ ਭਗਤਾ ਭਾਈ ਕਾ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਕੀਤੀ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਸੋਨੂੰ ਨੇ ਦੋਹਾਂ ਹੱਥਾਂ ਵਿੱਚ ਪਿਸਤੌਲਾਂ ਨਾਲ 3-4 ਗੋਲੀਆਂ ਚਲਾਈਆਂ ਅਤੇ ਕਮਲ ਨੇ ਵੀ ਫਾਇਰ ਕੀਤੇ। ਇਸ ਸਾਲ 31 ਜਨਵਰੀ ਨੂੰ ਫਿਲੌਰ (ਜਲੰਧਰ ਦਿਹਾਤੀ) ਦੇ ਪਿੰਡ ਭਰ ਸਿੰਘ ਪੁਰਾ ਵਿੱਚ ਇੱਕ ਪੁਜਾਰੀ ਕਮਲਦੀਪ ਸਰਮਾ ਉੱਤੇ ਗੋਲੀਬਾਰੀ ਵਿੱਚ ਸੋਨੂੰ ਅਤੇ ਕਮਲ ਵੀ ਸ਼ਾਮਲ ਸਨ। ਪੁਜਾਰੀ ਨੂੰ ਤਿੰਨ ਵਾਰ ਗੋਲੀ ਮਾਰੀ ਗਈ ਸੀ, ਜਿਸ ਕਾਰਨ ਹਮਲੇ ਵਿਚ ਇਕ ਲੜਕੀ ਸਮੇਤ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ, ਸ਼ੱਕ ਹੈ ਕਿ ਇਹ ਹਮਲਾ ਨਿੱਜਰ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ। ਸਤੰਬਰ 2020 ਵਿਚ, ਨਿੱਜਰ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਕ ਅੱਤਵਾਦੀ ਠਹਿਰਾਇਆ ਸੀ ਅਤੇ ਐਨਆਈਏ ਨੇ ਯੂਏਪੀਏ ਦੀ ਧਾਰਾ 51 ਏ ਤਹਿਤ ਭਰ ਸਿੰਘ ਪੁਰਾ ਪਿੰਡ ਵਿਚ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ।

    ਕਮਲ ਅਤੇ ਰਵੀ, ਅਰਸਦੀਪ (ਜੋ ਉਸ ਸਮੇਂ ਭਾਰਤ ਆਇਆ ਸੀ) ਨਾਲ ਮਿਲ ਕੇ 27 ਜੂਨ, 2020 ਨੂੰ ਆਪਣੇ ਸਾਥੀ ਸੁੱਖਾ ਲਾਮਾ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਨੇ ਪਿੰਡ ਡੱਲਾ ਵਿਖੇ ਇਕ ਉਜਾੜ ਪਏ ਮਕਾਨ ਵਿਚ ਸੁੱਖੇ ਨੂੰ ਜਹਿਰ ਦਿੱਤਾ ਅਤੇ ਫਿਰ ਉਸ ਦਾ ਮੂੰਹ ਸਾੜਨ ਤੋਂ ਬਾਅਦ ਲਾਸ਼ ਨੂੰ ਪੂਲ ਮਾਧੋਕੇ ਵਿਖੇ ਦੌਧਰ ਨਹਿਰ ਵਿੱਚ ਸੁੱਟ ਦਿੱਤਾ। ਇਸ ਤੋਂ ਪਹਿਲਾਂ 25 ਜੂਨ ਨੂੰ ਰਵੀ, ਕਮਲ ਅਤੇ ਸੁੱਖਾ ਨੇ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਪਿੰਡ ਲਾਮਾ ਜੱਟਪੁਰਾ ਵਿਖੇ ਮਾਨ ਦੀ ਰਿਹਾਇਸ਼ ‘ਤੇ ਫਾਇਰਿੰਗ ਵੀ ਕੀਤੀ ਸੀ। ਕੁੱਝ ਦਿਨਾਂ ਬਾਅਦ, 14 ਜੁਲਾਈ, 2020 ਨੂੰ ਰਵੀ ਅਤੇ ਕਮਲ ਨੇ ਮੋਗਾ ਸ਼ਹਿਰ ਦੇ ਲੋਕਾਂ ਦਾ ਸੋਸ਼ਣ ਕਰਨ, ਫਿਰੌਤੀ ਲੈਣ ਅਤੇ ਦਹਿਸ਼ਤ ਪੈਦਾ ਕਰਨ ਲਈ ਸੁਪਰ ਸਾਈਨ ਕੱਪੜੇ ਦੇ ਸਟੋਰ ਦੇ ਮਾਲਕ ਤੇਜਿੰਦਰ ਉਰਫ਼ ਪਿੰਕਾ ਨੂੰ ਮਾਰ ਦਿੱਤਾ ਸੀ। ਜਾਂਚ ਵਿਚ ਪਤਾ ਲੱਗਾ ਕਿ ਰਵੀ ਨੇ ਪਿੰਕਾ ‘ਤੇ ਫਾਇਰਿੰਗ ਕੀਤੀ ਸੀ ਅਤੇ ਕਮਲ ਦੁਕਾਨ ਦੇ ਬਾਹਰ ਖੜਾ ਸੀ। ਹਾਲ ਹੀ ਵਿੱਚ ਹੋਈ ਘਟਨਾ ਵਿੱਚ, ਇਸ ਸਾਲ 9 ਫਰਵਰੀ ਨੂੰ, ਰਵੀ ਅਤੇ ਸੋਨੂੰ ਨੇ ਸ਼ਰਮਾ ਸਵੀਟਸ, ਮੋਗਾ ਦੇ ਮਾਲਕ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ।

    ਡੀਜੀਪੀ ਨੇ ਕਿਹਾ ਕਿ ਮੁਲਜਮਾਂ ਦੇ ਹੋਰ ਸਬੰਧਾਂ ਅਤੇ ਪਹਿਲਾਂ ਕੀਤੇ ਹੋਰ ਅਪਰਾਧਾਂ ਦਾ ਪਤਾ ਲਗਾਉਣ ਸਬੰਧੀ ਜਾਂਚ ਜਾਰੀ ਹੈ। ਫ਼ਰਾਰ ਮੁਲਜਮ ਕਮਲ ਦੀ ਗਿ੍ਫਤਾਰੀ ਲਈ ਭਾਲ ਸੁਰੂ ਕਰ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here