ਖੇਤੀ ਕਾਨੂੰਨ: ਭਾਜਪਾ ਤੇ ਕਾਰਪੋਰੇਟ ਕੰਪਨੀਆਂ ਨਾਲ ਖਹਿਣ ਦਾ ਸੱਦਾ

    0
    140

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਪੰਜਾਬ ’ਚ ਸੰਘਰਸ਼ ਨੇ ਅੱਜ ਨਵਾਂ ਮੋੜਾ ਕੱਟਿਆ ਹੈ ਜਿਸ ਤਹਿਤ ਅੱਜ ਕਿਸਾਨ ਇਕੱਠਾਂ ਨੇ ਕੇਂਦਰ ’ਚ ਸਰਕਾਰ ਚਲਾ ਰਹੀ ਭਾਜਪਾ ਲੀਡਰਸ਼ਿਪ ਅਤੇ ਮੋਦੀ ਸਰਕਾਰ ਦੀ ਕਿਰਪਾ ਦਾ ਪਾਤਰ ਬਣੀਆਂ ਕਾਰਪੋਰੇਟ ਕੰਪਨੀਆਂ ਦੇ ਘਿਰਾਓ ਦਾ ਸੱਦਾ ਦੇ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ’ਚ ਲੌਂਗੋਵਾਲ (ਸੰਗਰੂਰ), ਬੁੱਟਰ (ਮੋਗਾ), ਜੈਤੋ (ਫ਼ਰੀਦਕੋਟ), ਬੇਰ ਕਲਾਂ (ਲੁਧਿਆਣਾ) ਤੇ ਮੱਤੇਨੰਗਲ (ਅੰਮ੍ਰਿਤਸਰ) ’ਚ ਹੋਏ ਇਕੱਠਾਂ ਵੋਲੋਂ ਕੀਤੇ ਫ਼ੈਸਲੇ ਨਾਲ ਟਕਰਾਅ ਦਾ ਨਵਾਂ ਮੁੱਢ ਬੱਝ ਗਿਆ ਹੈ। ਇਹ ਇਕੱਠ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਜੋਸ਼ੋ ਖਰੋਸ਼ ਨਾਲ ਮਨਾਉਣ ਅਤੇ ਸੰਗਰਾਮੀ ਹਫ਼ਤੇ ਦੀ ਸ਼ੁਰੂਆਤ ਵਜੋਂ ਕੀਤੇ ਗਏ ਸਨ। ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਵੀ ਦੱਸਿਆ ਕਿ 31 ਕਿਸਾਨ ਜੱਥੇਬੰਦੀਆਂ ਵਲੋਂ ਦਿੱਤੇ ਸੱਦੇ ਤਹਿਤ ਇੱਕ ਅਕਤੂਬਰ ਤੋਂ ਕੀਤੇ ਜਾ ਰਹੇ ਰੇਲ ਰੋਕੋ ਐਕਸ਼ਨ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਏਗੀ। ਚਾਰਾਂ ਥਾਵਾਂ ਇਕੱਠਾਂ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

    ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਤੇ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ ‘ਤੇ ਤੁਲੀ ਹੋਈ ਹੈ। ਇਸ ਲਈ ਜਿੱਥੇ ਇੱਕ ਪਾਸੇ ਭਾਜਪਾ ਆਗੂਆਂ ਨੂੰ ਘੇਰ ਕੇ ਲੋਕ ਰੋਹ ਦਾ ਸੇਕ ਚਾੜਨਾ ਜ਼ਰੂਰੀ ਹੈ ਉੱਥੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਲਾਜਮੀ ਹੈ ਕਿ ਹੁਣ ਉਨ੍ਹਾਂ ਦੇ ਕਾਰੋਬਾਰ ਵੀ ਲੋਕ ਰੋਹ ਦੇ ਨਿਸ਼ਾਨੇ ‘ਤੇ ਆਉਣਗੇ। ਉਹਨਾਂ ਨੇ ਆਖਿਆ ਕਿ ਇਸ ਨੀਤੀ ਤਹਿਤ ਨਾ- ਸਿਰਫ ਆਪਣੇ ਖੇਤਾਂ ਤੇ ਫ਼ਸਲਾਂ ਨੂੰ ਹੜੱਪਣ ਦੇ ਮਨਸੂਬਿਆਂ ਨੂੰ ਚੁਣੌਤੀ ਦਿੱਤੀ ਜਾਏਗੀ ਸਗੋਂ ਉਨਾਂ ਦੇ ਚੱਲ ਰਹੇ ਕਾਰੋਬਾਰਾਂ ਨੂੰ ਵੀ ਨੱਥ ਪਾਉਣ ਲਈ ਅੱਗੇ ਆਇਆ ਜਾਏਗਾ। ਉਹਨਾਂ ਨੇ ਕਿਹਾ ਕਿ ਇਨਾਂ ਕਾਰੋਬਾਰਾਂ ਦਾ ਘਿਰਾਓ ਜਿੱਥੇ ਲੋਟੂ ਕਾਨੂੰਨਾਂ ਨੂੰ ਰੱਦ ਕਰਨ ਲਈ ਦਬਾਅ ਬਣਾਵੇਗਾ, ਉੱਥੇ ਇਸ ਲੁੱਟ ਬਰਦਾਸ਼ਤ ਨਾ ਕਰਨ ਦਾ ਲੋਕਾਂ ਦਾ ਐਲਾਨ ਵੀ ਬਣੇਗਾ। ਆਗੂਆਂ ਨੇ ਦੱਸਿਆ ਕਿ ਪੰਜਾਬ ਅੰਦਰ ਅਡਾਨੀ ਗਰੁੱਪ ਨੇ ਅਨਾਜ ਖ਼ਰੀਦ ਕੇ ਸਟੋਰ ਕਰਨ ਲਈ ਵੱਡੇ ਗ਼ੁਦਾਮ ਉਸਾਰੇ ਹੋਏ ਹਨ ਜਿੰਨਾਂ ਨੂੰ ਕਾਨੂੰਨ ਪਾਸ ਹੁੰਦਿਆਂ ਹੀ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ।

    ਉਹਨਾਂ ਨੇ ਆਖਿਆ ਕਿ ਇਨਾਂ ਵੱਡੇ ਪ੍ਰਾਈਵੇਟ ਗੋਦਾਮਾਂ ਦੇ ਘਿਰਾਓ ਰਾਹੀਂ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪੰਜਾਬ ਅੰਦਰ ਖੇਤੀ ਖੇਤਰ ਨੂੰ ਇਉਂ ਹੜੱਪਣ ਨਹੀਂ ਦਿੱਤਾ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਨਾਂ ਅਕਸ਼ਨਾਂ ‘ਚ ਸ਼ਾਮਲ ਹੋ ਕੇ ਖੇਤ ਮਜ਼ਦੂਰ ਤੇ ਹੋਰ ਗ਼ਰੀਬ ਪਰਿਵਾਰ ਵੀ ਇਸ ਅਨਾਜ ‘ਤੇ ਆਪਣਾ ਅਸਲ ਅਧਿਕਾਰ ਜਤਾਉਣਗੇ। ਉਹਨਾਂ ਕਿਹਾ ਕਿ ਸ਼ਾਪਿੰਗ ਮਾਲਾਂ ਤੇ ਪੈਟਰੋਲ ਪੰਪਾਂ ਆਦਿ ਦੇ ਘਿਰਾਓ ਰਾਹੀਂ ਸੁਣਵਾਈ ਕੀਤੀ ਜਾਵੇਗੀ ਕਿ ਉਹ ਸੂਬੇ ਅੰਦਰ ਲੁੱਟ ਦੇ ਪੰਜਿਆਂ ਨੂੰ ਹੋਰ ਫੈਲਾਉਣ ਤੋਂ ਬਾਜ਼ ਆਉਣ। ਉਹਨਾਂ ਨੇ ਦੋਸ਼ ਲਾਇਆ ਕਿ ਇਹ ਨਵਾਂ ਹਮਲਾ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ ‘ਚ ਅੰਨੀ ਲੁੱਟ ਮਚਾਉਣ ਦੀਆਂ ਖੁੱਲੀਆਂ ਛੋਟਾਂ ਦੇਣ ਦਾ ਹਮਲਾ ਹੈ ਇਸ ਲਈ ਹਰ ਕੋਈ ਇਸ ਸੰਗਰਾਮ ’ਚ ਸ਼ਾਮਲ ਹੋਵੇ। ਬੁਲਾਰਿਆਂ ਨੇ ਦੱਸਿਆ ਕਿ ਵੱਡੀ ਪੂੰਜੀ ਦੇ ਕਾਰੋਬਾਰਾਂ ਜਿਵੇਂ ਟੋਲ ਪਲਾਜਿਆਂ ,ਬਹੁਕੌਮੀ ਕੰਪਨੀਆਂ ਦੇ ਸ਼ਾਪਿੰਗ ਮਾਲਾਂ ਜਿਵੇਂ ਵਾਲ ਮਾਰਟ ਦੇ ਬੈਸਟ ਪ੍ਰਾਈਸ ਵਗੈਰਾ ਤੇ ਪੈਪਸੀਕੋ ਵਰਗੀਆਂ ਕੰਪਨੀਆਂ ਦੇ ਕਾਰੋਬਾਰਾਂ ਦੇ ਘਿਰਾਓ ਐਕਸ਼ਨਾਂ ਰਾਹੀਂ ਸੰਘਰਸ਼ ਨੂੰ ਅਗਲੇ ਪੜਾਅ ‘ਤੇ ਲਿਜਾਇਆ ਜਾਵੇਗਾ।

    ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਸਰਕਾਰੀ ਥਰਮਲਾਂ ਦਾ ਭੋਗ ਪਾ ਕੇ ਸਮੁੱਚਾ ਬਿਜਲੀ ਕਾਰੋਬਾਰ ਵੀ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਪ੍ਰਾਈਵੇਟ ਥਰਮਲਾਂ ਦੇ ਘਿਰਾਓ ਵੀ ਕੀਤੇ ਜਾਣਗੇ। ਮੌਜੂਦਾ ਘੋਲ ਪੜਾਅ ਅੱਜ ਦੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੋਂ ਲੈ ਕੇ 5 ਅਕਤੂਬਰ 1972 ਨੂੰ ਮੌਕੇ ਦੀ ਕਾਂਗਰਸੀ ਹਕੂਮਤ ਵੱਲੋਂ ਰਚਾਏ ਮੋਗਾ ਗੋਲੀ ਕਾਂਡ ਦੇ ਜ਼ਾਲਮ ਦਿਹਾੜੇ ਤੱਕ ਸੰਗਰਾਮੀ ਹਫਤੇ ਵਜੋਂ ਸਮਰਪਿਤ ਹੋਵੇਗਾ। ਉਹਨਾਂ ਨੇ ਸ਼ਹੀਦ ਭਗਤ ਸਿੰਘ ਦੀ ਕਿਸਾਨ ਮਜਦੂਰ ਪੱਖੀ ਆਪਾਵਾਰੂ ਇਨਕਲਾਬੀ ਸੋਚ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਉਹਨਾਂ ਨੇ ਲੋਕਾਂ ਨੂੰ ਵਧ ਚੜ ਕੇ ਇਨਾਂ ਘਿਰਾਓ ਐਕਸ਼ਨਾਂ ‘ਚ ਸ਼ਾਮਲ ਹੋਣ ਲਈ ਕਿਹਾ ਅਤੇ ਨਾਲ ਹੀ ਅਪੀਲ ਵੀ ਕੀਤੀ ਕਿ ਇਨਾਂ ਘਿਰਾਓ ਐਕਸ਼ਨਾਂ ਨੂੰ ਸ਼ਾਂਤਮਈ ਰੱਖਣ ਲਈ ਹਰ ਪੱਖੋਂ ਜ਼ਬਤ ਦੀ ਪਾਲਣਾ , ਸ਼ਰਾਰਤੀ ਅਨਸਰਾਂ ਨੂੰ ਕਾਬੂ ‘ਚ ਰੱਖਣ ਲਈ ਪੂਰੀ ਚੌਕਸੀ, ਹਰ ਤਰਾਂ ਦੀ ਨਿਗਰਾਨੀ ਅਤੇ ਬਾਕਾਇਦਾ ਪਹਿਰੇਦਾਰੀ ਰਾਹੀਂ ਅਨੁਸ਼ਾਸਨ ਯਕੀਨੀ ਬਣਾਇਆ ਜਾਵੇ।

    LEAVE A REPLY

    Please enter your comment!
    Please enter your name here