ਕੋਵਿਡ-19 ਟੀਕਾਕਰਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਕੀਤਾ ਸੰਬੋਧਨ

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਮਹਾਂਮਾਰੀ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਕੋਰੋਨਾ ਵੈਕਸੀਨ ਦੀ ਉਡੀਕ ਹੁਣ ਖ਼ਤਮ ਹੋਣ ਜਾ ਰਹੀ ਹੈ। ਅੱਜ ਦੇਸ਼ ਵਿਆਪੀ ਕੋਵਿਡ-19 ਟੀਕਾਕਰਣ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਕੋਵਿਡ-19 ਵਿਰੁੱਧ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਯਾਨੀ ਅੱਜ ਤਕਰੀਬਨ ਤਿੰਨ ਲੱਖ ਸਿਹਤ ਕਰਮਚਾਰੀਆਂ ਨੂੰ 2,934 ਕੇਂਦਰਾਂ ‘ਤੇ ਟੀਕਾ ਲਗਾਇਆ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਦਾ ਆਗਾਜ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਕਿੰਨੇ ਮਹੀਨਿਆਂ ਤੋਂ ਦੇਸ਼ ਦੇ ਹਰ ਘਰ ‘ਚ ਬੱਚੇ, ਬਜ਼ੁਰਗ, ਜਵਾਨ ਸਾਰਿਆਂ ਦੀ ਜ਼ੁਬਾਨ ‘ਤੇ ਇਹੀ ਸਵਾਲ ਸੀ ਕਿ ਕੋਰੋਨਾ ਵੈਕਸੀਨ ਕਦੋਂ ਆਵੇਗੀ? ਹੁਣ ਵੈਕਸੀਨ ਆ ਗਈ ਹੈ। ਬਹੁਤ ਘੱਟ ਸਮੇਂ ਅੰਦਰ ਆ ਗਈ ਹੈ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਹੁਣ ਤੋਂ ਕੁੱਝ ਹੀ ਮਿੰਟ ਬਾਅਦ ਭਾਰਤ ‘ਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ। ਭਾਰਤ ਦੀ ਟੀਕਾਕਰਣ ਮੁਹਿੰਮ ਮਹੱਤਵਪੂਰਣ ਸਿਧਾਂਤਾਂ ‘ਤੇ ਆਧਾਰਿਤ ਹੈ। ਜਿਸ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਸ ਨੂੰ ਸਭ ਤੋਂ ਪਹਿਲਾਂ ਟੀਕਾ ਲੱਗੇਗਾ।’

    ਪੀਐੱਮ ਮੋਦੀ ਨੇ ਕਿਹਾ ਪਹਿਲੀ ਤੇ ਦੂਸਰੀ ਡੋਜ਼ ਦੌਰਾਨ ਲਗਪਗ ਇਕ ਮਹੀਨੇ ਦਾ ਵਕਫ਼ਾ ਵੀ ਰੱਖਿਆ ਜਾਵੇਗਾ। ਦੂਸਰੀ ਡੋਜ਼ ਲੱਗਣ ਦੇ ਦੋ ਹਫ਼ਤੇ ਬਾਅਦ ਹੀ ਤੁਹਾਡੇ ਸਰੀਰ ‘ਚ ਕੋਰੋਨਾ ਖ਼ਿਲਾਫ਼ ਜ਼ਰੂਰੀ ਇਮਿਊਨਿਟੀ ਵਿਕਸਤ ਹੋ ਸਕੇਗੀ। ਪੀਐੱਮ ਮੋਦੀ ਨੇ ਕਿਹਾ ਦੁਨੀਆ ਦੇ 100 ਤੋਂ ਵੀ ਜ਼ਿਆਦਾ ਅਜਿਹੇ ਦੇਸ਼ ਹਨ। ਜਿਨ੍ਹਾਂ ਦੀ ਜਨਸੰਖਿਆ 3 ਕਰੋੜ ਤੋਂ ਘੱਟ ਹੈ ਤੇ ਭਾਰਤ ਵੈਕਸੀਨੇਸ਼ਨ ਦੇ ਪਹਿਲੇ ਪੜਾਅ ‘ਚ ਹੀ 3 ਕਰੋੜ ਲੋਕਾਂ ਦਾ ਟੀਕਾਕਰਣ ਕਰ ਰਿਹਾ ਹੈ।’

    ਮੋਦੀ ਨੇ ਕਿਹਾ ‘ਆਮ ਤੌਰ ‘ਤੇ ਇਕ ਵੈਕਸੀਨ ਬਣਾਉਣ ‘ਚ ਸਾਲਾਂ ਲੱਗ ਜਾਂਦੇ ਹਨ ਪਰ ਏਨੇ ਘੱਟ ਸਮੇਂ ‘ਚ ਇੱਕ ਨਹੀਂ ਦੋ ਮੇਡ ਇਨ ਇੰਡੀਆ ਵੈਕਸੀਨ ਤਿਆਰ ਹੋਈਆਂ ਹਨ। ਕਈ ਹੋਰ ਵੈਕਸੀਨ ‘ਤੇ ਵੀ ਤੇਜ਼ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ, ਇਹ ਭਾਰਤ ਦੇ ਸਮਰੱਥ, ਵਿਗਿਆਨਕ ਮੁਹਾਰਤ ਤੇ ਟੈਲੇਂਜ ਦਾ ਜਿਊਂਦਾ-ਜਾਗਦਾ ਸਬੂਤ ਹੈ। ਪਹਿਲੇ ਪੜਾਅ ‘ਚ ਤਿੰਨ ਕਰੋੜ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਦਿੱਤੀ ਜਾਵੇਗੀ। 3,006 ਕੇਂਦਰਾਂ ‘ਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਵੇਗੀ।

    ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਇਸ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਸੀ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਦੋ ਟੀਕਿਆਂ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲੀ। ਇਨ੍ਹਾਂ ਵਿਚ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਤੇ ਭਾਰਤ ਬਾਇਓਟੈੱਕ ਦੀ ਦੀ ਕੋਵੈਕਸੀਨ ਸ਼ਾਮਲ ਹਨ। ਕੋਵਿਸ਼ੀਲਡ ਨੂੰ ਆਕਸਫੋਰਡ ਐਸਟ੍ਰਾਜੈਨੇਕਾ ਨੇ ਵਿਕਸਤ ਤੇ ਭਾਰਤ ‘ਚ ਇਸ ਨੂੰ ਸੀਰਮ ਇੰਸਟੀਚਿਊਟ ਬਣਾ ਰਿਹਾ ਹੈ। ਉੱਥੇ ਹੀ ਕੋਵੈਕਸੀਨ ਪੂਰੀ ਤਰ੍ਹਾਂ ਸਵੇਦੇਸ਼ੀ ਹੈ।

    LEAVE A REPLY

    Please enter your comment!
    Please enter your name here