ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ‘ਚ ਸਫ਼ਲ ਸਾਬਿਤ ਹੋਵੇਗੀ ਸਵੈ-ਇਕਾਂਤਵਾਸ ਮੁਹਿੰਮ : ਡੀ.ਸੀ.

    0
    123

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਪੰਜਾਬ ਸਰਕਾਰ ਵਲੋਂ ਕੋਵਿਡ-19 ਖਿਲਾਫ ਵਿੱਢੀ ਜੰਗ ਤਹਿਤ ਜਿੱਥੇ ਸੂਬਾ ਵਾਸੀਆਂ ਨੂੰ ਘਰਾਂ ਵਿੱਚ ਹੀ ਸਾਰੀਆਂ ਸੁੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਵੱਡੇ ਪੱਧਰ ‘ਤੇ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ, ਤਾਂ ਜੋ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਾ ਨਿਕਲੇ। ਸੂਬਾ ਸਰਕਾਰ ਦੇ ਸਮੇਂ-ਸਮੇਂ ‘ਤੇ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਸਦਕਾ ਜ਼ਿਲ੍ਹੇ ਦੇ 405 ਪਿੰਡਾਂ ਵਲੋਂ ਪਹਿਲਕਦਮੀ ਕਰਦਿਆਂ ਸਵੈ-ਇਕਾਂਤਵਾਸ ਨੂੰ ਅਪਣਾਇਆ ਗਿਆ ਹੈ, ਜੋ ਕੋਰੋਨਾ ਨੂੰ ਠੱਲ ਪਾਉਣ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ।

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਚਾਇਤਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਪਹਿਲਕਦਮੀ ਸਦਕਾ ਜ਼ਿਲ੍ਹੇ ਦੇ 405 ਪਿੰਡਾਂ ਵਲੋਂ ਸਵੈ-ਇਕਾਂਤਵਾਸ ਨੂੰ ਅਪਣਾਉਣਾ ਬੇਮਿਸਾਲ ਉਪਰਾਲਾ ਹੈ, ਜੋ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਵਿੱਚ ਕਾਮਯਾਬ ਸਾਬਿਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਹੁਸ਼ਿਆਰੁਪਰ ਬਲਾਕ-1 ਵਿੱਚ 65 ਪਿੰਡਾਂ, ਮੁਕੇਰੀਆਂ ਦੇ 65, ਦਸੂਹਾ ਦੇ 62, ਟਾਂਡਾ ਦੇ 60, ਮਾਹਿਲਪੁਰ ਦੇ 40, ਗੜ੍ਹਸ਼ੰਕਰ ਦੇ 40, ਭੂੰਗਾ ਦੇ 25, ਹਾਜੀਪੁਰ ਦੇ 23, ਹੁਸ਼ਿਆਰਪੁਰ ਬਲਾਕ-2 ਦੇ 22 ਅਤੇ ਤਲਵਾੜਾ ਬਲਾਕ ਦੇ ਤਿੰਨ ਪਿੰਡਾਂ ਵਲੋਂ ਆਪਣੇ-ਆਪ ਨੂੰ ਸੈਲਫ ਕੁਆਰਨਟਾਈਨ ਕੀਤਾ ਗਿਆ ਹੈ। ਉਨ੍ਹਾਂ ਨੇ ਉਕਤ ਪਿੰਡਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਪੰਚਾਇਤਾਂ ਵੀ ਆਪਣੇ ਪਿੰਡ ਨੂੰ ਸਵੈ-ਇਕਾਂਤਵਾਸ ਵਿੱਚ ਰੱਖਣ ਲਈ ਅੱਗੇ ਆਉਣ, ਤਾਂ ਜੋ ਇਕਜੁੱਟਤਾ ਨਾਲ ਕੋਰੋਨਾ ਖਿਲਾਫ ਜੰਗ ਜਿੱਤੀ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਵਿੱਚ ਹੀ ਰਹੇ, ਕਿਉਂਕਿ ਆਪ ਸਭ ਨੂੰ ਸੁਰੱਖਿਅਤ ਰੱਖਣ ਲਈ ਹੀ ਕਰਫਿਊ ਲਗਾਇਆ ਗਿਆ ਹੈ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਇਕਾਂਤਵਾਸ ਲਈ ਅੱਗੇ ਆਏ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਿੰਡ ਨੂੰ ਲੱਗਦੇ ਰਸਤਿਆਂ ‘ਤੇ ਬੈਰੀਕੇਟਿੰਗ ਕਰਵਾਈ ਗਈ ਹੈ ਅਤੇ ਜੇਕਰ ਕੋਈ ਪਿੰਡ ਦਾ ਵਿਅਕਤੀ ਐਮਰਜੈਂਸੀ ਹਾਲਾਤ ਦੌਰਾਨ ਬਾਹਰ ਜਾਣਾ ਚਾਹੁੰਦਾ ਹੈ, ਤਾਂ ਉਸ ਦਾ ਪੂਰਾ ਵੇਰਵਾ ਰਜਿਸਟਰ ‘ਤੇ ਦਰਜ ਕੀਤਾ ਜਾਂਦਾ ਹੈ। ਇਹ ਵੀ ਦਰਜ ਕੀਤਾ ਜਾਂਦਾ ਹੈ ਕਿ ਉਸ ਨੇ ਪਿੰਡ ਤੋਂ ਬਾਹਰ ਜਾ ਕੇ ਕਿਸ ਵਿਅਕਤੀ ਨੂੰ ਮਿਲਣਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਬਾਹਰਲੇ ਵਿਅਕਤੀ ਦੀ ਪਿੰਡ ਵਿੱਚ ਐਂਟਰੀ ਦੌਰਾਨ ਵੀ ਉਸ ਦਾ ਵੇਰਵਾ ਰਜਿਸਟਰ ‘ਤੇ ਨੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਪਿੰਡਾਂ ਦੀਆਂ ਕਈ ਪੰਚਾਇਤਾਂ ਵਲੋਂ ਵਿਸੇਸ਼ ਪਹਿਲਕਦਮੀ ਕਰਦਿਆਂ ਪਿੰਡ ਦੇ ਐਂਟਰੀ ਪੁਆਇੰਟਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਪੰਚਾਇਤਾਂ ਵਲੋਂ ਪਿੰਡ ਨੂੰ ਬਿਮਾਰੀ ਤੋਂ ਦੂਰ ਰੱਖਣ ਲਈ ਪਿੰਡ ਵਾਸੀਆਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਜਾ ਰਿਹਾ ਹੈ।

    ਅਪਨੀਤ ਰਿਆਤ ਨੇ ਦੱਸਿਆ ਕਿ ਸਿਵਲ ਪ੍ਰਸਾਸ਼ਨ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ। ਉਨ੍ਹਾਂ ਨੇ ਦੱਸਿਆ ਕਿ ਕਰਫਿਊ ਦੌਰਾਨ ਕਰਿਆਨੇ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਹੋਮ ਡਿਲੀਵਰੀ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋ ਇਲਾਵਾ ਦੁੱਧ, ਸਬਜ਼ੀਆਂ ਅਤੇ ਫਲ ਡੋਰ-ਟੂ-ਡੋਰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਫੂਡ ਪੈਕੇਟ ਅਤੇ ਰਾਸ਼ਨ ਘਰਾਂ ਵਿੱਚ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here