ਕੋਰੋਨਾ ਮੁੜ ਕਹਿਰਵਾਨ, ਸਖ਼ਤੀ ਲਾਗੂ, ਨਹੀਂ ਹੋਣਗੇ ਸਿਆਸੀ ਤੇ ਸਮਾਜਿਕ ਪ੍ਰੋਗਰਾਮ

    0
    112

    ਮੋਹਾਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਇਕ ਵਾਰ ਫਿਰ ਤੋਂ ਕਹਿਰਵਾਨ ਹੋ ਰਿਹਾ ਹੈ ਜਿਸ ਤੋਂ ਬਾਅਦ ਕੋਰੋਨਾ ਦੀ ਰੋਕਥਾਮ ਲਈ ਸਖ਼ਤ ਨਿਯਮ ਮੁੜ ਤੋਂ ਦੁਹਰਾਏ ਜਾ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੋਹਾਲੀ ਪ੍ਰਸ਼ਾਸਨ ਨੇ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਹੁਣ ਕੋਈ ਵੀ ਸਿਆਸੀ ਤੇ ਸਮਾਜਿਕ ਸਮਾਗਮ ਨਹੀਂ ਹੋਣਗੇ। ਇੰਨਾ ਹੀ ਨਹੀਂ ਵਿਆਹ ਸਮਾਗਮ ਤੇ ਅੰਤਿਮ ਸਸਕਾਰ ‘ਚ ਵੀ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਸਰਕਾਰੀ ਦਫ਼ਤਰਾਂ ‘ਚ ਸ਼ਿਕਾਇਤਾਂ ਦਾ ਨਿਪਟਾਰਾ ਆਨਲਾਈਨ ਹੋਵੇਗਾ। ਸਿਰਫ਼ ਬਹੁਤ ਹੀ ਜ਼ਰੂਰੀ ਹਾਲਤ ‘ਚ ਲੋਕ ਦਫ਼ਤਰ ਆ ਸਕਣਗੇ। ਇਸ ਤੋਂ ਇਲਾਵਾ ਸਾਰੇ ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ ਤੇ ਸ਼ੌਪਿੰਗ ਮਾਲ ਐਤਵਾਰ ਬੰਦ ਰਹਿਣਗੇ।

    ਹਾਲਾਂਕਿ ਰਾਤ ਨੂੰ ਕਰਫਿਊ ਦੌਰਾਨ ਖਾਣੇ ਦੀ ਹੋਮ ਡਿਲੀਵਰੀ ਕੀਤੀ ਜਾ ਸਕੇਗੀ। ਇਸ ਸੰਬੰਧੀ ਡੀਸੀ ਗਿਰੀਸ਼ ਦਿਆਲਨ ਨੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਸਿਨੇਮਾਘਰਾਂ, ਥੀਏਟਰਾਂ ਤੇ ਮਲਟੀਪਲੈਕਸਸ ‘ਚ 50 ਫ਼ੀਸਦ ਸਮਰੱਥਾ ਤਕ ਹੀ ਲੋਕਾਂ ਦੇ ਆਉਣ ਦੀ ਇਜਾਜ਼ਤ ਹੋਵੇਗੀ। ਕਿਸੇ ਵੀ ਸਮੇਂ ਸ਼ੌਪਿੰਗ ਮਾਲਸ ‘ਚ 100 ਤੋਂ ਜ਼ਿਆਦਾ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਸਕੂਲ ਤੇ ਕਾਲਜ 31 ਮਾਰਚ ਤਕ ਬੰਦ ਰਹਿਣਗੇ। ਅਧਿਆਪਕ ਤੇ ਹੋਰ ਕਰਮਚਾਰੀ ਸਕੂਲ ਆਉਣਗੇ।ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ਦਾ ਪ੍ਰਸ਼ਾਸਨ ਕੋਰੋਨਾ ਟੈਸਟ ਵੀ ਕਰਵਾਏਗਾ। ਰਜਿਸਟਰੀ ਆਦਿ ਲਈ ਸਭ ਰਜਿਸਟ੍ਰਾਰ ਦਫ਼ਤਰ ਨੂੰ ਸੀਮਾ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਾਤ 10 ਵਜੇ ਤੋਂ ਬਾਅਦ ਆਪਣੇ ਘਰ ਕਿਸੇ ਨੂੰ ਨਾ ਬੁਲਾਉਣ। 27 ਮਾਰਚ ਚੋਂ ਹਰ ਸ਼ਨੀਵਾਰ ਸਵੇਰ 11 ਵਜੇ ਤੋਂ 12 ਵਜੇ ਤਕ ਕੋਰੋਨਾ ਮਹਾਂਮਾਰੀ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ‘ਚ ਮੌਨ ਰੱਖਿਆ ਜਾਵੇਗਾ। ਇਸ ਦੌਰਾਨ ਸੜਕਾਂ ‘ਤੇ ਵਾਹਨ ਵੀ ਨਹੀਂ ਚੱਲਣਗੇ।

    ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦੋ ਹਫਤਿਆਂ ਲਈ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਘਰ ‘ਚ ਕਿਸੇ ਪ੍ਰੋਗਰਾਮ ‘ਤੇ 10 ਤੋਂ ਜ਼ਿਆਦਾ ਲੋਕਾਂ ਨੂੰ ਨਾ ਬੁਲਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਰਾਤ ਦਾ ਕਰਫਿਊ 9 ਤੋਂ ਸਵੇਰ ਪੰਜ ਵਜੇ ਤਕ ਰਹੇਗਾ।

    LEAVE A REPLY

    Please enter your comment!
    Please enter your name here