ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੀਐੱਮ ਮੋਦੀ ਤੇ ਉੱਪ ਰਾਸ਼ਟਰਪਤੀ ਦੀ ਰਾਜਪਾਲਾਂ ਨਾਲ ਮੀਟਿੰਗ

    0
    151

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ’ਚ ਕੋਰੋਨਾ ਮਹਾਂਮਾਰੀ ਦੀ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ 14 ਅਪ੍ਰੈਲ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਰੇ ਰਾਜਪਾਲਾਂ ਤੇ ਉਪ ਰਾਜਪਾਲਾਂ ਨਾਲ ਮੀਟਿੰਗ ਕਰਨਗੇ। ਮੀਟਿੰਗ ’ਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਤੇ ਇਸ ਦੇ ਵਿਰੁੱਧ ਪ੍ਰਭਾਵਸ਼ਾਲੀ ਉਪਾਅ ਕਰਨ ਲਈ ਕੁੱਝ ਮਹੱਤਵਪੂਰਨ ਫ਼ੈਸਲੇ ਲਏ ਜਾ ਸਕਦੇ ਹਨ।

    ਦੇਸ਼ ’ਚ ਅਪ੍ਰੈਲ ਮਹੀਨੇ ’ਚ ਇਕ ਵਾਰ ਫਿਰ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟੇ ’ਚ ਭਾਰਤ ’ਚ ਕੋਰੋਨਾ ਦੇ 1,68,912 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਮਹਾਂਮਾਰੀ ਕਾਰਨ 904 ਲੋਕਾਂ ਦੀ ਮੌਤ ਹੋ ਗਈ। ਅਜਿਹੀ ਸਥਿਤੀ ’ਚ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਇਸ ਮੀਟਿੰਗ ’ਚ ਕੁਝ ਵੱਡੇ ਫ਼ੈਸਲੇ ਲਏ ਜਾਣ ਦੀ ਉਮੀਦ ਹੈ।

    ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਇਕ ਮੀਟਿੰਗ ਕੀਤੀ ਸੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਸੂਬਿਆਂ ’ਚ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਉਪਾਵਾਂ ਤੇ ਇਸ ਦੇ ਪ੍ਰਬੰਧਨ ’ਚ ਰਾਜਪਾਲਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਸ ਸਮੇਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬਹੁਤ ਸਾਰੀ ਜ਼ਿੰਮੇਵਾਰੀ ਹੈ। ਅਜਿਹੀ ਸਥਿਤੀ ’ਚ ਰਾਜਪਾਲਾਂ ਨੂੰ ਵੀ ਇਸ ਲੜਾਈ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।ਦੇਸ਼ ’ਚ ਇਸ ਮਹਾਂਮਾਰੀ ਵਿਰੁੱਧ ਲੋਕਾਂ ’ਚ ਲਾਪਰਵਾਹੀ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਮੁੱਖ ਮੰਤਰੀਆਂ ਦੇ ਨਾਲ-ਨਾਲ ਸਾਰੇ ਰਾਜਪਾਲਾਂ ਦੇ ਆਪਣੇ ਸੂਬੇ ਦੇ ਵੱਡੇ ਧਾਰਮਿਕ ਆਗੂਆਂ, ਲੇਖਕਾਂ ਤੇ ਹੋਰ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੇ ਨਾਲ ਮਿਲ ਕੇ ਲੋਕਾਂ ਨੂੰ ਕੋਵਿਡ-19 ਵਿਰੁੱਧ ਜਾਗਰੂਕ ਕਰਨ ਦਾ ਸੁਨੇਹਾ ਦੇ ਸਕਦੇ ਹਨ।

    ਮੀਟਿੰਗ ਸ਼ਾਮ 6 ਵਜੇ ਤੋਂ ਹੋਵੇਗੀ –

    ਬੁੱਧਵਾਰ ਸ਼ਾਮ 6 ਵਜੇ ਹੋਣ ਵਾਲੀ ਇਸ ਬੈਠਕ ’ਚ ਪ੍ਰਧਾਨ ਮੰਤਰੀ ਇਕ ਵਾਰ ਫਿਰ ਇਸ ਮਹਾਂਮਾਰੀ ਵਿਰੁੱਧ ਲੜਾਈ ’ਚ ਰਾਜਪਾਲਾਂ ਦੀ ਭੂਮਿਕਾ ਬਾਰੇ ਗੱਲ ਕਰ ਸਕਦੇ ਹਨ। ਹਾਲਾਂਕਿ ਜਾਣਕਾਰੀ ਦੇ ਅਨੁਸਾਰ ਰਾਜਪਾਲ ਮਹਾਂਮਾਰੀ ਦੇ ਵਿਰੁੱਧ ਸੂਬਾ ਸਰਕਾਰ ਦੁਆਰਾ ਕੀਤੇ ਜਾ ਰਹੇ ਰੋਜ਼ਾਨਾ ਬਚਾਅ ਕਾਰਜਾਂ ’ਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹੋਣਗੇ।

    ਇਸ ਦੀ ਬਜਾਏ ਉਨ੍ਹਾਂ ਦਾ ਕੰਮ ਰਾਸ਼ਟਰਪਤੀ ਦੇ ਨੁਮਾਇੰਦਿਆਂ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਕਾਰ ਭਾਈਵਾਲੀ ਨੂੰ ਬਿਹਤਰ ਬਣਾਉਣਾ ਹੋਵੇਗਾ। ਕੋਵਿਡ-19 ਦੇ ਮੈਨੇਜ਼ਮੈਂਟ ਨੂੰ ਲੈ ਕੇ ਇਹ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਦੀ ਪਹਿਲੀ ਅਧਿਕਾਰਤ ਮੀਟਿੰਗ ਹੋਵੇਗੀ। ਇਕ ਅਧਿਕਾਰੀ ਅਨੁਸਾਰ ਸੰਵਿਧਾਨ ਦੀਆਂ ਧਾਰਾਵਾਂ ਅਨੁਸਾਰ ਪ੍ਰਧਾਨ ਮੰਤਰੀ ਸਿੱਧੇ ਰਾਜਪਾਲਾਂ ਨਾਲ ਮੀਟਿੰਗ ਨਹੀਂ ਬੁਲਾ ਸਕਦੇ। ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਸਿਰਫ਼ ਰਾਜਪਾਲਾਂ ਨੂੰ ਮੀਟਿੰਗ ਲਈ ਬੁਲਾ ਸਕਦੇ ਹਨ।

     

    LEAVE A REPLY

    Please enter your comment!
    Please enter your name here