ਕੈਪਟਨ ਵੱਲੋਂ ਕੋਵਿਡ ਕੇਸਾਂ ਦੇ ਭਾਰੀ ਵਾਧੇ ਨਾਲ ਨਜਿੱਠਣ ਲਈ ਦਿੱਲੀ ਨੂੰ ਸਹਾਇਤਾ ਦੀ ਪੇਸ਼ਕਸ਼

    0
    126

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿੱਲੀ ਨੂੰ ਵੱਡੇ ਪੈਮਾਨੇ ‘ਤੇ ਵੱਧ ਰਹੇ ਕੋਵਿਡ ਕੇਸਾਂ ਨਾਲ ਨਜਿੱਠਣ ਵਿੱਚ ਹਰ ਸੰਭਵ ਸਹਾਇਤਾ ਕਰਨ ਦੀ ਪੇਸ਼ਕਸ ਕੀਤੀ ਗਈ ਅਤੇ ਮੁੱਖ ਮੰਤਰੀ ਨੇ ਸੂਬੇ ਅੰਦਰ ਮਹਾਂਮਾਰੀ ਦੀ ਰੋਕਥਾਮ ਵਿਚ ਮਿਸਾਲੀ ਕੰਮ ਕਰ ਰਹੇ ਪੰਜਾਬ ਦੇ ਕੋਵਿਡ ਯੋਧਿਆਂ ਦੀ ਦਿਲੋਂ ਸਰਾਹਨਾ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਖ਼ਿਲਾਫ਼ ਤਿਆਰੀ ਖਾਤਰ ਸਿਹਤ ਸੁਵਿਧਾਵਾਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।

    ਪੰਜਾਬ ਵਿੱਚ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ,”ਦਿੱਲੀ ਸਖਤ ਲੜਾਈ ਲੜ ਰਹੀ ਹੈ ਅਤੇ ਲੋੜ ਪੈਣ ‘ਤੇ ਅਸੀਂ ਹਰ ਸਹਾਇਤਾ ਲਈ ਹਾਜ਼ਰ ਹਾਂ। ਮੈਂ ਇਹ ਪਹਿਲਾਂ ਕਹਿ ਚੁੱਕਾ ਹਾਂ”। ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਆਖਿਆ ਇਹ ਕੋਈ ਨਹੀਂ ਜਾਣਦਾ ਕਿ ਪੰਜਾਬ ਵਿੱਚ ਦੂਜੀ ਲਹਿਰ ਕਦੋਂ ਆਵੇਗੀ, ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ) ਅਤੇ ਹੋਰ ਸੂਬਿਆਂ/ਖੇਤਰਾਂ ਦੇ ਤਜ਼ਰਬੇ ਦਰਸਾਉਂਦੇ ਹਨ ਕਿ ਇਹ ਸੰਭਾਵਿਤ ਤੌਰ ‘ਤੇ ਇਹ ਜ਼ਰੂਰ ਵਾਪਰੇਗਾ। ਉਨ੍ਹਾਂ ਸਿਹਤ ਵਿਭਾਗ ਅਤੇ ਓ.ਟੀ.ਐਸ. ਮੁਲਾਜ਼ਮਾਂ ‘ਤੇ ਪੂਰਾ ਵਿਸ਼ਵਾਸ ਜਤਾਇਆ ਕਿ ਉਹ ਇਸ ਵੰਗਾਰ ਖਿਲਾਫ ਮੁੜ ਪੂਰੀ ਇਕਜੁੱਟਤਾ ਨਾਲ ਖੜਨਗੇ।

    ਉਨ੍ਹਾਂ ਆਉਂਦੇ ਕੁੱਝ ਮਹੀਨਿਆਂ ਲਈ, ਜਦੋਂ ਤੱਕ ਕੋਵਿਡ ਦੀ ਦਵਾਈ ਨਹੀਂ ਆ ਜਾਂਦੀ, ‘ਮਾਸਕ ਦੀ ਦਵਾਈ ਹੈ’ ਨੂੰ ਮਿਸ਼ਨ ਫ਼ਤਹਿ ਦੇ ਸੰਕਲਪ ਵੱਜੋਂ ਐਲਾਨਿਆ। ਸੂਬੇ ਅੰਦਰ ਸਿਹਤ ਢਾਂਚੇ ਦੀ ਮਜ਼ਬੂਤੀ ਅਤੇ ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਮਰੀਜ਼ਾਂ ਦੇ ਘਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਕਰਵਾਉਣ ਲਈ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਡਿਜੀਟਲੀ ਆਗਾਜ਼ ਕਰਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਯਤਨਾਂ ਦੀ ਸਰਾਹਨਾ ਕੀਤੀ ਗਈ ਜਿਨ੍ਹਾਂ ਮਹਿਜ ਤਿੰਨ ਵਰ੍ਹਿਆਂ ਵਿੱਚ ਹੀ ਇਨ੍ਹਾਂ ਕੇਂਦਰਾਂ ਦੀ ਕਾਮਯਾਬੀ ਦੀ ਕਹਾਣੀ ਸਿਰਜੀ ਹੈ।

    ਮਹਾਂਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਤੇ ਤੀਜੇ ਪੱਧਰ ਦੀਆਂ ਇਲਾਜ ਸੁਵਿਧਾਵਾਂ ਵਿਖੇ ਮਰੀਜ਼ਾਂ ਲਈ ਇਲਾਜ ਵਿਵਸਥਾ ਅਤੇ ਟੈਸਟਿੰਗ ਸੁਵਿਧਾਵਾਂ ਵੱਡੇ ਪੈਮਾਨੇ ‘ਤੇ ਵਧਾਉਣ ਦੇ ਨਾਲ-ਨਾਲ ਪਲਾਜ਼ਮਾਂ ਬੈਂਕ ਖੋਲ੍ਹੇ ਜਾ ਚੁੱਕੇ ਹਨ ਅਤੇ ਮਿਸ਼ਨ ਫ਼ਤਹਿ ਤਹਿਤ ਘਰਾਂ ਅੰਦਰ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਮੁਫ਼ਤ ਕੋਰੋਨਾ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।

    LEAVE A REPLY

    Please enter your comment!
    Please enter your name here