ਕੈਪਟਨ ਨੇ ਪੰਜਾਬੀਆਂ ਨੂੰ ਕੋਵਿਡ ਖ਼ਿਲਾਫ਼ ਲੰਮੀ ਲੜਾਈ ਲਈ ਕੀਤਾ ਚੌਕਸ, ਅੱਜ ਤੋਂ ਸਖ਼ਤ ਪਾਬੰਦੀਆਂ

    0
    118

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਕੋਵਿਡ ਖ਼ਿਲਾਫ਼ ਲੰਮੀ ਲੜਾਈ ਲਈ ਚੌਕਸ ਕੀਤਾ ਹੈ ਕਿਉਂਕਿ ਪੰਜਾਬ ਨੂੰ ਕਰੀਬ ਇੱਕ ਸਾਲ ਮਗਰੋਂ ਹੀ ਮੁੜ ਕੋਵਿਡ ਦੀ ਮਾਰ ਝੱਲਣੀ ਪੈ ਰਹੀ ਹੈ। ਕੋਵਿਡ-19 ਦੀ ਦੂਜੀ ਲਹਿਰ/ਹੱਲੇ ਨੂੰ ਦੇਖਦੇ ਹੋਏ ਪੰਜਾਬ ’ਚ ਅੱਜ ਤੋਂ ਵੱਡੇ ਪੱਧਰ ’ਤੇ ਪਾਬੰਦੀਆਂ ਲਾਉਣ ਦੇ ਹੁਕਮ ਕੀਤੇ ਹਨ।

    ਇਨ੍ਹਾਂ ਹੁਕਮਾਂ ਅਨੁਸਾਰ ਪੰਜਾਬ ’ਚ ਹੁਣ ਸਾਰੇ ਵਿਦਿਅਕ ਅਦਾਰੇ 31 ਮਾਰਚ ਤੱਕ ਬੰਦ ਰਹਿਣਗੇ ਜਦੋਂ ਕਿ ਸਿਨੇਮਾ ਘਰਾਂ/ਮਾਲਜ਼ ਦੀ ਸਮਰੱਥਾ ਵੀ ਹੁਣ ਅੱਧੀ ਰਹੇਗੀ। ਮੁੱਖ ਮੰਤਰੀ ਨੇ ਪੰਮੁੱਖ ਮੰਤਰੀ ਨੇ ਕੋਵਿਡ ਹਾਲਾਤ ਦੀ ਸਮੀਖਿਆ ਬਾਰੇ ਉੱਚ ਪੱਧਰੀ ਮੀਟਿੰਗ ਵਿਚ ਇਹ ਨਵੇਂ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਬਿਨਾਂ ਮਾਸਕ ਤੋਂ ਜਨਤਕ ਖੇਤਰਾਂ ਤੇ ਇਸ ਦੇ ਆਲੇ-ਦੁਆਲੇ ਸੜਕਾਂ ਗਲੀਆਂ ’ਚ ਘੁੰਮਣ ਵਾਲੇ ਲੋਕਾਂ ਨੂੰ ‘ਟੈਸਟਿੰਗ ਲਈ ਨਜ਼ਦੀਕੀ ਆਰਟੀ-ਪੀਸੀਆਰ ਟੈਸਟਿੰਗ ਕੇਂਦਰ ਲਿਜਾਣ ਦੀ ਵੀ ਹਦਾਇਤ ਕੀਤੀ ਹੈ।

    ਮੀਟਿੰਗ ਦੌਰਾਨ ਲਏ ਫੈਸਲਿਆਂ ਤਹਿਤ ਮੈਡੀਕਲ ਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਅਕ ਅਦਾਰੇ 31 ਮਾਰਚ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਸਿਨੇਮਾ ਹਾਲ ਦੀ ਸਮਰੱਥਾ 50 ਫ਼ੀਸਦੀ ਕਰ ਦਿੱਤੀ ਗਈ ਹੈ ਜਦੋਂ ਕਿ ਸ਼ਾਪਿੰਗ ਮਾਲਜ਼ ’ਚ ਕਿਸੇ ਵੀ ਸਮੇਂ ਇੱਕ ਮਾਲ ’ਚ 100 ਤੋਂ ਵੱਧ ਵਿਅਕਤੀ ਨਹੀਂ ਜਾ ਸਕਣਗੇ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਦੋ ਹਫ਼ਤਿਆਂ ਲਈ ਘਰਾਂ ਵਿਚ ਟਿਕਣ ਦੀ ਅਪੀਲ ਕੀਤੀ ਹੈ ਅਤੇ ਘਰਾਂ ਵਿੱਚ 10 ਤੋਂ ਵੱਧ ਮਹਿਮਾਨ ਨਾ ਆਉਣ ਲਈ ਵੀ ਆਖਿਆ ਹੈ।

    ਪੰਜਾਬ ਦੇ ਕਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ 11 ਜ਼ਿਲ੍ਹਿਆਂ ਵਿਚ ਅੰਤਿਮ ਸਸਕਾਰ/ਵਿਆਹ-ਸ਼ਾਦੀਆਂ ਨੂੰ ਛੱਡ ਕੇ ਹੋਰ ਸਾਰੇ ਸਮਾਜਿਕ ਇਕੱਠਾਂ ’ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਖੁਸ਼ੀ ਗ਼ਮੀ ਦੇ ਸਮਾਗਮਾਂ ਵਿਚ ਸਿਰਫ਼ 20 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ’ਚ ਰਾਤਰੀ ਕਰਫਿਊ ਰਾਤ 9 ਤੋਂ ਸਵੇਰੇ 5 ਵਜੇ ਤੱਕ ਰਹੇਗਾ ਅਤੇ ਇਸ ਅਰਸੇ ਦੌਰਾਨ ਹੋਮ ਡਲਿਵਰੀ ਦੀ ਆਗਿਆ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ’ਚ ਐਤਵਾਰ ਨੂੰ ਸਿਨੇਮੇ, ਮਲਟੀਪਲੈਕਸ, ਰੈਸਟੋਰੈਂਟ ਤੇ ਮਾਲਜ਼ ਆਦਿ ਵੀ ਬੰਦ ਰਹਿਣਗੇ। ਸਨਅਤੀ ਅਤੇ ਜ਼ਰੂਰੀ ਸੇਵਾਵਾਂ ਜਾਰੀ ਰਹਿਣ ਦੇ ਹੁਕਮ ਕੀਤੇ ਗਏ ਹਨ। ਵੱਧ ਪ੍ਰਭਾਵਿਤ 11 ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਤਹਿਗੜ੍ਹ ਸਾਹਿਬ, ਰੋਪੜ ਅਤੇ ਮੋਗਾ ਦੇ ਸਰਕਾਰੀ ਦਫ਼ਤਰਾਂ ਵਿਚ ਜ਼ਰੂਰੀ ਵਸਤਾਂ ਨੂੰ ਛੱਡ ਕੇ ਪਬਲਿਕ ਡੀਲਿੰਗ ਰੋਕ ਦਿੱਤੀ ਗਈ ਹੈ। ਰੋਜ਼ਾਨਾ ਦੀਆਂ ਰਜਿਸਟਰੀਆਂ ’ਤੇ ਵੀ ਕੱਟ ਲਾ ਦਿੱਤਾ ਗਿਆ ਹੈ।ਪੰਜਾਬ ਭਰ ’ਚ ਮਾਈਕਰੋ-ਕੰਟੇਨਮੈਂਟ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਤੁਰੰਤ ਸਖ਼ਤੀ ਅਤੇ ਨਿਗਰਾਨੀ ਰੱਖਣ ਲਈ ਰਣਨੀਤੀ ਤਿਆਰ ਹੋਣ ਲੱਗੀ ਹੈ। ਬਾਕੀ ਜ਼ਿਲ੍ਹਿਆਂ ਵਿਚ ਵੀ ਕੋਵਿਡ ਨੇਮਾਂ ਦੀ ਉਲੰਘਣਾ ਦੀ ਸੂਰਤ ਵਿਚ ਸਖ਼ਤੀ ਵਧਾਈ ਜਾ ਸਕਦੀ ਹੈ। ਮੁੱਖ ਮੰਤਰੀ ਨੇ ਰੋਜ਼ਾਨਾ 35 ਹਜ਼ਾਰ ਟੈਸਟ ਕਰਨ ਦੇ ਵੀ ਹੁਕਮ ਦਿਤੇ ਹਨ ਅਤੇ ਹਰੇਕ ਪਾਜ਼ਿਟਿਵ ਕੇਸ ਦੇ ਸੰਪਰਕ ਵਿੱਚ ਆਏ 30 ਵਿਅਕਤੀਆਂ ਦਾ ਟੈਸਟ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਹਸਪਤਾਲਾਂ ’ਚ ਸਪੈਸ਼ਲਿਸਟਾਂ/ਸੁਪਰ-ਸਪੈਸ਼ਲਿਸਟਾਂ ਦੀ ਭਰਤੀ ਤੁਰੰਤ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

    ਮੁੱਖ ਮੰਤਰੀ ਨੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ 31 ਮਾਰਚ ਤੱਕ ਹਫਤੇ ਦੇ ਸੱਤ ਦਿਨ ਰੋਜ਼ਾਨਾ ਘੱਟੋ-ਘੱਟ 8 ਘੰਟੇ ਨਿਰਵਿਘਨ ਟੀਕਾਕਰਨ ਸੇਵਾਵਾਂ ਦੇਣ ਲਈ ਆਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ 45 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਯੋਗ ਵਿਅਕਤੀ ਸਹਿ ਬਿਮਾਰੀਆਂ ਸਬੰਧੀ ਮੈਡੀਕਲ ਰਿਕਾਰਡ ਲੈ ਕੇ ਆਉਂਦਾ ਹੈ ਤਾਂ ਹੋਰ ਕਿਸੇ ਵੀ ਵੱਖਰੇ ਸਰਟੀਫ਼ਿਕੇਟ ਦੀ ਲੋੜ ਨਾ ਸਮਝੀ ਜਾਵੇ।

    ਮੁੱਖ ਮੰਤਰੀ ਨੇ ਹੋਰਨਾਂ ਸਿਆਸੀ ਧਿਰਾਂ ਤੇ ਆਗੂਆਂ ਨੂੰ ਆਪਣੇ ਅਗਲੇ ਦੋ ਹਫ਼ਤਿਆਂ ਲਈ ਸਿਆਸੀ ਇਕੱਠਾਂ ਦੌਰਾਨ ਇਨਡੋਰ ’ਚ 50 ਫ਼ੀਸਦੀ ਸਮਰੱਥਾ ਨਾਲ ਅਤੇ ਖੁੱਲ੍ਹੀ ਥਾਂ ਵਿਚ 200 ਵਿਅਕਤੀਆਂ ਦੀ ਹੀ ਗਿਣਤੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕੋਈ ਸਿਆਸੀ ਇਕੱਠ ਨਹੀਂ ਹੋਣਾ ਚਾਹੀਦਾ। ਚੇਤੇ ਰਹੇ ਕਿ ਆਪ ਵੱਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ 21 ਮਾਰਚ ਨੂੰ ਮੋਗਾ ਦੇ ਬਾਘਾ ਪੁਰਾਣਾ ਵਿੱਚ ਕਿਸਾਨ ਮਹਾ ਸੰਮੇਲਨ ਕੀਤਾ ਜਾਣਾ ਹੈ।

    LEAVE A REPLY

    Please enter your comment!
    Please enter your name here