ਕੈਨੇਡਾ ‘ਚ ਮਾਸੜ ਵੱਲੋਂ ਬਰਨਾਲਾ ਦੇ ਭੱਠਲਾਂ ਦੇ ਨੌਜਵਾਨ ਦਾ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ

    0
    136

    ਬਰਨਾਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਬਰਨਾਲਾ ਜ਼ਿਲੇ ਦੇ ਪਿੰਡ ਭੱਠਲਾਂ ਦੇ ਇਕ ਨੌਜਵਾਨ ਦਾ ਕੈਨੈਡਾ ਵਿੱਚ ਹੋਇਆ ਕਤਲ, ਘਟਨਾ ਕੈਨੇਡਾ ਦੇ ਐਡਮਿੰਟਨ ਸੂਬੇ ਵਿੱਚ ਘਟੀ ਹੈ, ਪਿੰਡ ਭੱਠਲਾਂ ਦਾ 19 ਸਾਲਾਂ ਨੌਜਵਾਨ ਹਰਮਨਜੋਤ ਸਿੰਘ ਕਰੀਬ ਦੋ ਸਾਲ ਪਹਿਲਾਂ ਪੜਾਈ ਬੇਸ ’ਤੇ ਚੰਗੇ ਭਵਿੱਖ ਲਈ ਗਿਆ ਸੀ ਕੈਨੇਡਾ, ਜਿੱਥੇ ਮ੍ਰਿਤਕ ਦੀ ਮਾਸੀ ਅਤੇ ਮਾਸੜ ਦਾ ਚੱਲਦਾ ਘਰੇਲੂ ਝਗੜਾ ਸੀ, ਮਾਸੀ ਦੀ ਮਦਦ ਕਰਨ ਗਏ ਹਰਮਨਜੋਤ ਨੂੰ ਮਾਸੜ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਮਾਸੀ ਨੂੰ ਜ਼ਖ਼ਮੀ ਕੀਤਾ।

    ਮ੍ਰਿਤਕ ਨੌਜਵਾਨ ਦੇ ਘਰ ਅਤੇ ਪਿੰਡ ਭੱਠਲਾਂ ਵਿੱਚ ਸੋਗ ਦੀ ਲਹਿਰ, ਹਰਮਨਜੋਤ ਦੀ ਮਾਂ ਅਤੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਹਰਮਨਜੋਤ ਪਿਤਾ ਦਾ ਇਕਲੌਤਾ ਸੀ। ਹਰਮਨ ਦੀ ਮਾਂ ਅਤੇ ਰਿਸ਼ਤੇਦਾਰਾਂ ਵਲੋਂ ਉਸਦੇ ਕਾਤਲ ਨੂੰ ਸਖ਼ਤ ਸਜ਼ਾ ਦੇਣ ਲਈ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ। ਹਰਮਨ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੱਦਦ ਦੀ ਅਪੀਲ ਕੀਤੀ ਹੈ।

    ਇਸ ਸੰਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਦਵਿੰਦਰ ਕੌਰ ਨੇ ਦੱਸਿਆ ਕਿ ਹਰਮਨਜੋਤ ਸਿੰਘ ਇਕਲੌਤਾ ਪੁੱਤਰ ਸੀ। ਜੋ ਕਰੀਬ ਦੋ ਸਾਲ ਪਹਿਲਾਂ ਆਈਲੈਟਸ ਕਰਕੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਉਹ ਆਪਣੀ ਮਾਸੀ ਅਤੇ ਮਾਸੜ ਕੋਲ ਰਹਿ ਰਿਹਾ ਸੀ। ਪਰ ਉਸ ਦੀ ਮਾਸੀ ਅਤੇ ਮਾਸੜ ਦੇ ਘਰੇਲੂ ਝਗੜੇ ਨੇ ਉਸਦੇ ਪੁੱਤ ਦੀ ਜਾਨ ਲੈ ਲਈ। ਹਰਮਨ ਅਤੇ ਉਸਦੀ ਮਾਸੀ ਗੱਡੀ ਵਿੱਚ ਜਾ ਰਹੇ ਸਨ ਅਤੇ ਇਸੇ ਦੌਰਾਨ ਉਸਦੇ ਮਾਸੜ ਵਲੋਂ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹਨਾਂ ਕੈਨੇਡਾ ਸਰਕਾਰ ਅਤੇ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਾਤਲ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਥੇ ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਹਮੀਰ ਕੌਰ ਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਹਰਮਨਜੋਤ ਆਪਣੇ ਮਾਪਿਆਂ ਦੀ ਇਕਲੌਤਾ ਪੁੱਤਰ ਸੀ। ਉਸਦੇ ਮਾਤਾ ਪਿਤਾ ਨੇ ਬਹੁਤ ਮਿਹਨਤ ਕਰਕੇ ਪੜਾਇਆ ਅਤੇ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ। ਪਰ ਉਥੇ ਉਸਦਾ ਕਤਲ ਹੋ ਗਿਆ।ਹਰਮਨਜੋਤ ਦੇ ਕਾਤਲ ਬਾਰੇ ਉਸਦੇ ਦੋਸਤਾਂ ਨੇ ਦੱਸਿਆ ਕਿ ਉਸਦਾ ਕਤਲ ਉਸਦੇ ਮਾਸੜ ਵਲੋਂ ਹੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹਰਮਨਜੋਤ ਲਗਾਤਾਰ ਦੋ ਸਾਲਾਂ ਤੋਂ ਪੜਾਈ ਕਰ ਰਿਹਾ ਸੀ। ਇਸ ਦੌਰਾਨ ਉਸਨੇ ਕੋਈ ਨੌਕਰੀ ਨਹੀਂ ਕੀਤੀ, ਪਰ ਹੁਣ ਉਸਨੇ ਆਪਣੀ ਪੜਾਈ ਪੂਰੀ ਕਰਕੇ ਨੌਕਰੀ ਸ਼ੁਰੂ ਕੀਤੀ ਸੀ ਅਤੇ ਪੰਜ ਦਿਨ ਪਹਿਲਾਂ ਹੀ ਨਵੀਂ ਗੱਡੀ ਵੀ ਆਪਣੀ ਕਮਾਈ ਨਾਲ ਖ਼ਰੀਦੀ ਸੀ।

    ਉਹਨਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਪਰਿਵਾਰ ਦਾ ਹੋਰ ਕੋਈ ਨਹੀਂ ਹੈ। ਜਿਸ ਕਰਕੇ ਉਹ ਕੈਨੇਡਾ ਸਰਕਾਰ ਤੋਂ ਹਰਮਨਜੋਤ ਦੇ ਕਾਤਲ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਉਹਨਾਂ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਮ੍ਰਿਤਕ ਦੀ ਲਾਸ਼ ਭਾਰਤ ਲਿਆਉਣ ਲਈ ਮੱਦਦ ਦੀ ਮੰਗ ਕੀਤੀ।

     

    LEAVE A REPLY

    Please enter your comment!
    Please enter your name here