ਕੇਂਦਰੀ ਖਰੀਦ ਏਜੰਸੀ ਐਫ ਸੀ ਆਈ ਆਪਣੇ ਰੰਗ ਦਿਖਾਉਣ ਲੱਗੀ, ਕਿਸਾਨਾਂ ਵਲੋਂ ਮੰਡੀ ਵਿੱਚ ਰੋਸ ਪ੍ਰਦਰਸ਼ਨ;

    0
    125

    ਹੁਸ਼ਿਆਰਪੁਰ . ਸਰਕਾਰ ਤੇ ਪ੍ਰਸਾਸ਼ਨ ਦੇ ਲੱਖਾਂ ਦਾਅਵਿਆਂ ਦੇ ਬਾਵਜੂਦ ਕੇਂਦਰੀ ਖਰੀਦ ਏਜੰਸੀ ਐਫ ਸੀ ਆਈ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੁਕੇਰੀਆਂ ਦੀਆਂ 25 ਮੰਡੀਆਂ ਵਿੱਚੋਂ ਕੇਵਲ ਇੱਕ ਹੀ ਨੁਸ਼ਿਹਰਾ ਪੱਤਣ ਮੰਡੀ ਵਿੱਚ ਖਰੀਦ ਕਰ ਰਹੀ ਐਫ ਸੀ ਆਈ ਨੇ ਨਿਰਧਾਰਿਤ ਕੋਟਾ ਪੂਰਾ ਹੋਣ ਦਾ ਦਾਅਵਾ ਕਰਕੇ ਕਣਕ ਦੀ ਖਰੀਦ ਬੰਦ ਕਰ ਦਿੱਤੀ ਹੈ। ਐਫਸੀਆਈ ਦੇ ਤੁਗਲਕੀ ਫੈਸਲੇ ਖਿਲਾਫ਼ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਨੁਸ਼ਿਹਰਾ ਪੱਤਣ ਮੰਡੀ ਵਿੱਚ ਤੁਰੰਤ ਖਰੀਦ ਸ਼ੁਰੂ ਨਾ ਕੀਤੀ ਤਾਂ ਕਿਸਾਨ ਐਫ ਸੀ ਆਈ ਦਫ਼ਤਰ ਤੇ ਐਸ ਡੀ ਐਮ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।
    ਹੈਰਾਨੀ ਦੀ ਗੱਲ ਹੈ ਕਿ ਇਹ ਮਸਲਾ ਪ੍ਰਸਾਸ਼ਨ ਜਾਂ ਖੁਰਾਕੀ ਅਧਿਕਾਰੀਆਂ ਵਲੋਂ ਹੱਲ ਕਰਨ ਦਾ ਕਥਿਤ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਅਧਿਕਾਰੀਆਂ ਦੀ ਗੰਭੀਰਤਾ ਵਲੋਂ ਗੰਭੀਰਤਾ ਨਾ ਦਿਖਾਉਣ ਖਿਲਾਫ਼ ਕਿਸਾਨਾਂ ਵਲੋਂ ਮੰਡੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
    ਨੁਸ਼ਿਹਰਾ ਮੰਡੀ ਦੇ ਆੜਤੀਆਂ ਸਰਬਜੋਤ ਸਿੰਘ ਸਾਬੀ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਠੇਕੇਦਾਰ ਚਰਨ ਦਾਸ, ਲਖਵੀਰ ਸਿੰਘ ਆਹਲੂਵਾਲੀਆ, ਕਰਨੈਲ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਵਿੱਚ ਐਫ ਸੀ ਆਈ ਕੇਵਲ ਇੱਕ ਹੀ ਨੁਸ਼ਿਹਰਾ ਪੱਤਣ ਦੀ ਮੰਡੀ ਵਿੱਚ ਖਰੀਦ ਕਰ ਰਹੀ ਹੈ। ਕੇਂਦਰੀ ਖਰੀਦ ਏਜੰਸੀ ਵਲੋਂ ਮੰਡੀ ਵਿੱਚ 27 ਅਪਰੈਲ ਨੂੰ ਖਰੀਦ ਬੰਦ ਕਰ ਦਿੱਤੀ ਗਈ ਸੀ, ਪਰ ਆੜਤੀਆਂ ਵਲੋਂ ਮਾਲ ਦੀ ਆਮਦ ਦੇ ਮੱਦੇਨਜ਼ਰ ਕੀਤੇ ਵਿਰੋਧ ‘ਤੇ ਮੁੜ 1 ਤੇ 2 ਮਈ ਨੂੰ ਕੁਝ ਖਰੀਦ ਕਰਕੇ ਮੁਕੰਮਲ ਖਰੀਦ ਬੰਦ ਕਰ ਦਿੱਤੀ ਹੈ। ਮੰਡੀ ਵਿੱਚ ਇਲਾਕੇ ਦੇ ਕਿਸਾਨ ਖੁਆਰ ਹੋ ਰਹੇ ਹਨ ਅਤੇ ਕਰੀਬ 8 ਹਜ਼ਾਰ ਬੋਰੀ ਦਾ ਮਾਲ ਹਾਲੇ ਖਰੀਦ ਹੋਣ ਵਾਲਾ ਪਿਆ ਹੈ। ਕਣਕ ਦੀ ਖਰੀਦ ਦਾ ਕੰਮ ਮੰਡੀ ਵਿੱਚ 10 ਮਈ ਤੱਕ ਚੱਲਣ ਦੀ ਸੰਭਾਵਨਾ ਹੈ, ਬੰਦ ਖਰੀਦ ਬਾਰੇ ਕੋਈ ਵੀ ਅਧਿਕਾਰੀ ਗੰਭੀਰ ਨਹੀਂ ਹੈ, ਜਦੋਂ ਕਿ ਸਥਾਨਿਕ ਮੰਡੀ ਅਧਿਕਾਰੀਆਂ ਦੀ ਕੇਂਦਰੀ ਏਜੰਸੀ ਦੇ ਇੰਸਪੈਕਟਰ ਪ੍ਰਵਾਹ ਨਹੀਂ ਕਰਦੇ।
    ਕਿਸਾਨ ਨਿਰਮਲ ਸਿੰਘ, ਗੁਰਨਾਮ ਸਿੰਘ, ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਤੇ ਪ੍ਰਸਾਸ਼ਨ ਮੰਡੀਆਂ ਅੰਦਰ ਸ਼ੁਰੂ ਤੋਂ ਹੀ ਕਾਇਮ ਬਾਰਦਾਨੇ ਤੇ ਲਿਫਟਿੰਗ ਸਮੇਤ ਅਦਾਇਗੀ ਦੀ ਸਮੱਸਿਆ ਪ੍ਰਤੀ ਕਦੇ ਗੰਭੀਰਤਾ ਨਹੀਂ ਦਿਖਾਈ। ਕੋਈ ਵੀ ਖਰੀਦ ਏਜੰਸੀ ਮੰਡੀ ਵਿੱਚ ਫਸਲ ਦੇ ਖਾਤਮੇ ਤੱਕ ਖਰੀਦ ਬੰਦ ਨਹੀਂ ਕਰ ਸਕਦੀ, ਪਰ ਕੇਂਦਰੀ ਖਰੀਦ ਏਜੰਸੀ ਦੇ ਅਧਿਕਾਰੀਆਂ ਅੱਗੇ ਪ੍ਰਸਾਸ਼ਨ ਬੌਣਾ ਸਾਬਤ ਹੋ ਰਿਹਾ ਹੈ। ਮੌਸਮ ਦੀ ਖਰਾਬੀ ਕਾਰਨ ਖੁੱਲੇ ਅਸਮਾਨ ਵਿੱਚ ਲੱਗੀਆਂ ਢੇਰੀਆਂ ਦਾ ਕੋਈ ਵੀ ਬਾਲੀ ਵਾਰਿਸ ਨਹੀਂ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਨੁਸ਼ਿਹਰਾ ਮੰਡੀ ਵਿੱਚ ਖਰੀਦ ਸ਼ੁਰੂ ਨਾ ਹੋਈ ਤਾਂ ਉਹ ਐਫ ਸੀ ਆਈ ਦਫ਼ਤਰ ਤੇ ਐਸਡੀਐਮ ਦਫ਼ਤਰ ਅੱਗੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ।
    ਬਾਕਸ: ਮਾਰਕੀਟ ਕਮੇਟੀ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮਸਲਾ ਉੱਚ ਅਧਿਕਾਰੀਆਂ ਤੇ ਐਫ ਸੀ ਆਈ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਹਾਲੇ ਹੱਲ ਨਹੀਂ ਹੋ ਰਿਹਾ। ਐਫ ਸੀ ਆਈ ਦੇ ਇੰਸਪੈਕਟਰ ਸ਼ੰਕਰ ਲਾਲ ਨੇ ਕਿਹਾ ਕਿ ਉਹ ਨਿਰਧਾਰਿਤ ਕੋਟੇ ਤੋਂ ਵੱਧ ਕਣਕ ਖਰੀਦ ਚੁੱਕੇ ਹਨ ਅਤੇ ਇਸ ਤੋਂ ਵੱਧ ਖਰੀਦ ਉਹ ਨਹੀਂ ਕਰ ਸਕਦੇ, ਇਸ ਲਈ ਖਰੀਦ ਬੰਦ ਕਰ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਡੀ ਐਫ ਐਸ ਸੀ ਰਜਨੀਸ਼ ਕੌਰ ਨੂੰ ਫੋਨ ਕੀਤਾ ਤਾਂ ਉਨਾਂ ਫੋਨ ਅਟੈਂਡ ਨਹੀਂ ਕੀਤਾ। ਉਨਾਂ ਮਸਲਾ ਹੱਲ ਕਰਨ ਦਾ ਯਤਨ ਤਾਂ ਕੀ ਕਰਨਾ ਇਸ ਪੱਤਰਕਾਰ ਵਲੋਂ ਬੀਤੀ ਸ਼ਾਮ ਇਸ ਮਸਲੇ ਸਬੰਧੀ ਭੇਜੇ ਗਏ ਫੋਨ ਸੁਨੇਹੇ ਦਾ ਜਵਾਬ ਦੇਣਾ ਵੀ ਠੀਕ ਨਹੀਂ ਸਮਝਿਆ।

    LEAVE A REPLY

    Please enter your comment!
    Please enter your name here