ਕਿਸਾਨ ਅੰਦੋਲਨ ‘ਚ 600 ਤੋਂ ਜ਼ਿਆਦਾ ਕਿਸਾਨ ਹੋਏ ਸ਼ਹੀਦ, ਫਿਰ 127 ਨੂੰ ਹੀ ਨੌਕਰੀ ਕਿਉਂ? : ਆਪ

    0
    132

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸ਼ਹੀਦ ਕਿਸਾਨ ਪਰਿਵਾਰਾਂ ਨਾਲ ਨੌਕਰੀਆਂ ਦੇਣ ਲਈ ਕੀਤਾ ਜਾ ਰਿਹਾ ਭੇਦਭਾਵ ਸਹਿਣ ਨਹੀਂ ਕੀਤਾ ਜਾਵੇਗਾ, ਇਸ ਲਈ ਸਰਕਾਰ ਸਾਰੇ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰੇ। ਇਹ ਐਲਾਨ ਕਰਦਿਆਂ ‘ਆਪ’ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਸਰਕਾਰ ਵੱਲੋਂ ਕੁੱਝ ਚੋਣਵੇਂ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੇ ਫ਼ੈਸਲੇ ਨੂੰ ਗਲਤ ਅਤੇ ਭੇਦਭਾਵ ਵਾਲਾ ਕਰਾਰ ਦਿੱਤਾ ਹੈ।

    ਮੰਗਲਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ 600 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੈਪਟਨ ਸਰਕਾਰ ਕੇਵਲ 127 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨੌਕਰੀ ਦੇਣ ਦਾ ਐਲਾਨ ਕਰ ਰਹੀ ਹੈ।ਉਨ੍ਹਾਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਬਾਕੀ ਦੇ ਸ਼ਹੀਦ ਕਿਸਾਨਾਂ ਦੀ ਕੁਰਬਾਨੀ ਨੂੰ ਨਜ਼ਰਅੰਦਾਜ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਨਾਇਨਸਾਫ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਮ ਅਦਾਮੀ ਪਾਰਟੀ ਸ਼ਹੀਦ ਕਿਸਾਨਾਂ ਨਾਲ ਭੇਦਭਾਵ ਸਹਿਣ ਨਹੀਂ ਕਰੇਗੀ ਅਤੇ ਸਰਕਾਰ ਨੂੰ ਸ਼ਹੀਦ ਕਿਸਾਨਾਂ ਦਾ ਮਾਣ ਸਨਮਾਨ ਬਰਾਬਰ ਕਰਨਾ ਚਾਹੀਦਾ ਹੈ। ਸੰਧਵਾਂ ਨੇ ਕੈਪਟਨ ਸਰਕਾਰ ‘ਤੇ ਕੁੱਝ ਚੋਣਵੇਂ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਨੌਕਰੀਆਂ ਦੇ ਕੇ ਖਾਨਾ ਪੂਰਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭੇਦਭਾਵ ਕਰਨ ਦਾ ਘਟੀਆ ਖੇਲ ਹੈ, ਜਿਹੜਾ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਅਪਮਾਨ ਤੋਂ ਘੱਟ ਨਹੀਂ ਹੈ।

    ਵਿਧਾਇਕ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਕਿਸ ਆਧਾਰ ‘ਤੇ ਸ਼ਹੀਦ ਮੰਨੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੇਵਾਦਾਰ ਜਾਂ ਕਲਰਕ ਦੀ ਨੌਕਰੀ ਦਿੱਤੀ ਜਾ ਰਹੀ, ਜਦੋਂ ਕਿ ਕੈਪਟਨ ਸਰਕਾਰ ਸ਼ਹੀਦ ਮੰਨੇ ਗਏ ਕਾਂਗਰਸੀ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੀ.ਐਸ.ਪੀ ਅਤੇ ਨਾਇਬ ਤਹਿਸੀਲਦਾਰ ਵਰਗੇ ਵੱਡੇ ਅਹੁਦਿਆਂ ‘ਤੇ ਬਿਠਾ ਰਹੀ ਹੈ। ਸ਼ਹੀਦ ਕਿਸਾਨਾਂ ਦੇ ਪਰਿਵਾਰ ਮੈਂਬਰਾਂ ਨਾਲ ਇਹ ਨਾਇਨਸਾਫ਼ੀ ਕਿਉਂ?

    ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦਾਂ ਨਾਲ ਭੇਦਭਾਵ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਸ਼ਹੀਦ ਸ਼ਹੀਦ ਹੁੰਦਾ ਹੈ, ਰਾਜਨੀਤੀ ਕਰਨ ਦਾ ਹਥਿਆਰ ਨਹੀਂ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਕੈਪਟਨ ਸਰਕਾਰ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਕਰੇ ਅਤੇ ਸਾਰੇ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਵਿਧਾਇਕਾਂ ਦੇ ਵਾਰਸਾਂ ਦੀ ਤਰਜ਼ ‘ਤੇ ਉਚ ਪਾਏ ਦੀਆਂ ਨੌਕਰੀਆਂ ਦੇਵੇ।

    LEAVE A REPLY

    Please enter your comment!
    Please enter your name here