ਕਾਲਾਬਾਜ਼ਾਰੀ ਕਰਨ ਵਾਲੇ ‘ਤੇ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ : ਡਿਪਟੀ ਕਮਿਸ਼ਨਰ

    0
    132

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਪੁਲਿਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕਰਿਆਨੇ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਲੋੜ ਤੋਂ ਵੱਧ ਕੀਮਤ ਵਸੂਲਣ ਵਾਲਿਆਂ ਖਿਲਾਫ਼ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ। ਉਹ ਅੱਜ ਸਿਵਲ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਐਸ.ਐਸ.ਪੀ. ਗੌਰਵ ਗਰਗ ਵੀ ਮੌਜੂਦ ਸਨ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਾਲਾਬਾਜ਼ਾਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਦਾ ਸਾਹਮਣੇ ਆਇਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰੇਹੜੀਆਂ ਰਾਹੀਂ ਫ਼ਲ ਅਤੇ ਸਬਜ਼ੀਆਂ ਵੇਚਣ ਵਾਲੇ ਵਿਕਰੇਤਾ ਕੋਲ ਰੋਜ਼ਾਨਾ ਰੇਟ ਲਿਸਟ ਹੋਵੇਗੀ ਅਤੇ ਇਸ ਰੇਟ ਲਿਸਟ ਮੁਤਾਬਕ ਹੀ ਵਿਕਰੀ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਰੇਟ ਲਿਸਟ ਅਤੇ ਰੂਟ ਸਬੰਧੀ ਚੈਕਿੰਗ ਯਕੀਨੀ ਬਣਾਈ ਜਾਵੇ, ਤਾਂ ਜੋ ਲੋੜ ਤੋਂ ਵੱਧ ਕੀਮਤ ਨਾ ਵਸੂਲੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀ ਹੁਸ਼ਿਆਰਪੁਰ ਵਿਖੇ ਆਮ ਵਿਅਕਤੀਆਂ ਦੀ ਐਂਟਰੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਦੀ ਸਹੂਲਤ ਲਈ ਈ-ਪਾਸ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ, ਇਸ ਲਈ ਐਮਰਜੈਂਸੀ ਹਾਲਾਤ ਵਿੱਚ ਇਹ ਈ-ਪਾਸ ਬਣਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖਰੀ-ਵੱਖਰੀ ਕੈਟਾਗਰੀ ਦੇ ਈ-ਪਾਸ ਬਣਾਉਣ ਲਈ ਸਿਵਲ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਨਿਯੁਕਤ ਕੀਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਈ-ਪਾਸ ਦੀ ਸਹੂਲਤ ਸੁਚਾਰੂ ਢੰਗ ਨਾਲ ਲਾਗੂ ਕੀਤੀ ਜਾਵੇ।

    ਅਪਨੀਤ ਰਿਆਤ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਫਲੈਗ ਮਾਰਚ ਕਰਨਾ ਯਕੀਨੀ ਬਣਾਉਣ, ਤਾਂ ਜੋ ਕਰਫਿਊ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਤੋਂ ਇਲਾਵਾ ਜਾਗਰੂਕਤਾ ਵੈਨਾਂ ਰਾਹੀਂ ਜਨਤਾ ਨੂੰ ਜਾਗਰੂਕ ਵੀ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੈਕਟਰ ਅਫ਼ਸਰ ਆਪਣੇ ਏਰੀਏ ਦਾ ਸਮੇਂ-ਸਮੇਂ ‘ਤੇ ਜਾਇਜ਼ਾ ਲੈਣਾ ਵੀ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਲੱਮ ਏਰੀਆ ਤੋਂ ਇਲਾਵਾ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ/ਵਰਕਰ ਜਿਥੇ ਬੈਠੇ ਹਨ, ਉਥੇ ਹੀ ਉਨ੍ਹਾਂ ਨੇ ਨੂੰ ਜ਼ਰੂਰੀ ਵਸਤਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਫੈਕਟਰੀ/ਮਿੱਲਾਂ ਦੀ ਲੇਬਰ ਦੀ ਜ਼ਿੰਮੇਵਾਰੀ ਸਬੰਧਤ ਮਾਲਕਾਂ ਦੀ ਹੋਵੇਗੀ ਅਤੇ ਮਾਲਕ ਇਨ੍ਹਾਂ ਦੀ ਨਾ ਤਾਂ ਤਨਖਾਹ ਕੱਟੇਗਾ ਅਤੇ ਨਾ ਹੀ ਕਿਰਾਇਆ ਲਵੇਗਾ। ਇਸ ਤੋਂ ਇਲਾਵਾ ਲੇਬਰ ਨੂੰ ਬਾਹਰ ਵੀ ਨਹੀਂ ਕੱਢਿਆ ਜਾਵੇਗਾ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਟਰ ਸਟੇਟ ਅਤੇ ਇੰਟਰ ਡਿਸਟ੍ਰਿਕਟ ਜ਼ਰੂਰੀ ਵਸਤਾਂ ਲਿਜਾ ਰਹੇ ਵਾਹਨਾਂ ਨੂੰ ਨਾ ਰੋਕਿਆ ਜਾਵੇ ਅਤੇ ਸਬੰਧਤ ਬੈਂਕ ਵਿੱਚ ਡਿਊਟੀ ‘ਤੇ ਜਾਣ ਵਾਲੇ ਬੈਂਕ ਕਰਮਚਾਰੀਆਂ ਨੂੰ ਵੀ ਨਾ ਰੋਕਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ.ਪੀ.ਪਰਮਿੰਦਰ ਸਿੰਘ ਹੀਰ, ਧਰਮਵੀਰ ਸਿੰਘ ਅਤੇ ਮੈਡਮ ਮਨਜੀਤ ਕੌਰ, ਐਸ.ਡੀ.ਐਮ. ਅਮਿਤ ਮਹਾਜਨ, ਹਰਬੰਸ ਸਿੰਘ, ਜੋਤੀ ਬਾਲਾ ਅਤੇ ਅਸ਼ੋਕ ਕੁਮਾਰ ਤੋਂ ਇਲਾਵਾ ਸਾਰੇ ਡੀ.ਐਸ.ਪੀਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here