ਕਾਂਗਰਸੀ ਆਗੂਆਂ ਦੀ ਘਟੀਆ ਸਿਆਸਤ ਕਾਰਨ ਲੋੜਵੰਦ ਲੋਕ ਰਾਸ਼ਨ ਤੋਂ ਵਾਂਝੇ: ਲਵਲੀ ਖੰਨਾ

    0
    148

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼ : (ਸਿਮਰਨ)

    ਗੜ੍ਹਸ਼ੰਕਰ : ਕਰੋਨਾ ਵਾਇਰਸ ਦੇ ਕਾਰਨ ਲਗਾਏ ਲਾਕਡਾਊਨ ਦੌਰਾਨ ਲੋੜਵੰਦ ਲੋਕਾਂ ਨੂੰ ਖਾਣ-ਪੀਣ ਦੀਆਂ ਮੁੱਢਲੀਆਂ ਵਸਤਾਂ ਦੀ ਸਪਲਾਈ ਕਰਨ ਦੀ ਥਾਂ ਕਾਂਗਰਸ ਸਰਕਾਰ ਦੇ ਆਗੂਆਂ ਵਲੋਂ ਆਪਣੀ ਨਿੱਜੀ ਰੰਜਿਸ਼ ਕੱਢਦਿਆਂ ਸਥਾਨਕ ਤਹਿਸੀਲ ਦੇ ਅਨੇਕਾਂ ਪਿੰਡਾਂ ਦੇ ਯੋਗ ਲਾਭਪਾਤਰੀਆਂ ਦੇ ਨਾਮ ਨੀਲੇ ਕਾਰਡਾਂ ਵਿੱਚੋਂ ਕੱਟ ਕੇ ਆਪਣਾ ਲੋਕ ਵਿਰੋਧੀ ਚਿਹਰਾ ਦਿਖਾਇਆ ਹੈ।

    ਇਸ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਨਿੱਜੀ ਦਖ਼ਲ ਦੇ ਕੇ ਲੋੜਵੰਦ ਲੋਕਾਂ ਨੂੰ ਮੁਫ਼ਤ ਅਨਾਜ ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਥਾਨਕ ਹਲਕਾ ਇੰਚਾਰਜ ਸੁਨੀਲ ਕੁਮਾਰ ਲਵਲੀ ਖੰਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਲੋਕ ਕਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਹੇ ਹਨ ਦੂਜੇ ਪਾਸੇ ਕਾਂਗਰਸ ਸਰਕਾਰ ਦੇ ਆਗੂ ਲੋੜਵੰਦ ਵਰਗਾਂ ਨੂੰ ਰਾਸ਼ਨ ਦੇਣ ਦੇ ਨਾਮ ‘ਤੇ ਘਟੀਆ ਦਰਜੇ ਦੀ ਸਿਆਸਤ ਕਰ ਰਹੇ ਹਨ।

    ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਰੋਧੀ ਧਿਰ ਨੇ ਕਰੋਨਾ ਦੀ ਮਹਾਂਮਾਰੀ ਦੌਰਾਨ ਕਿਸੇ ਤਰ੍ਹਾਂ ਦੀ ਸਿਆਸਤ ਕਰਨ ਦੀ ਥਾਂ ਸਰਕਾਰ ਦਾ ਪੂਰਾ ਸਾਥ ਦਿੱਤਾ ਪਰ ਕਾਂਗਰਸ ਦੇ ਆਗੂ ਇਕ ਦੂਜੇ ਤੋਂ ਅੱਗੇ ਵੱਧ ਕੇ ਆਪਣੀਆਂ ਕਥਿਤ ਵੋਟਾਂ ਪੱਕੀਆਂ ਕਰਨ ਦੇ ਇਰਾਦੇ ਨਾਲ ਅਯੋਗ ਲਾਭਪਾਤਰੀਆਂ ਦੇ ਨਾਮ ਰਾਸ਼ਨ ਕਾਰਡਾਂ ਵਿੱਚ ਜੋੜ ਰਹੇ ਹਨ ਜਦਕਿ ਯੋਗ ਲਾਭਪਾਤਰਾਂ ਦੇ ਨਾਮ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਣਾ ਚਾਹੀਦਾ ਹੈ ਨਾ ਕਿ ਇਸਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਡੀਸੀ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਲੋੜਵੰਦ ਲੋਕਾਂ ਨੂੰ ਹੀ ਰਾਸ਼ਨ ਦੀ ਸਪਲਾਈ ਯਕੀਨੀ ਬਣਾਈ ਜਾਵੇ।

    LEAVE A REPLY

    Please enter your comment!
    Please enter your name here