ਆਪ ਨੇ ਅਕਾਲੀ -ਭਾਜਪਾ ਦੀ ਕੁਰਸੀ ਬਚਾਓ, ਲੋਕ ਮਾਰੂ ਰਾਜਨੀਤੀ ਵਿਰੁੱਧ ਆਵਾਜ਼ ਬੁਲੰਦ ਕੀਤੀ :

    0
    109

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ‘ਚ ਖੜਦਿਆਂ ਆਮ ਆਦਮੀ ਪਾਰਟੀ (ਆਪ) ਹਲਕਾ ਹੁਸ਼ਿਆਰਪੁਰ ਦੀ ਟੀਮ ਨੇ ਲਾਕਡਾਊਨ ਦੌਰਾਨ ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਸੰਦੀਪ ਸੈਣੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ।

    ਆਮ ਆਦਮੀ ਪਾਰਟੀ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਦੀਪ ਸੈਣੀ ਦੁਆਰਾ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਕੀ ਕਿਵੇਂ ਸੁਖਬੀਰ ਬਾਦਲ ਨੇ ਆਪਣੀ ਪਤਨੀ, ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੀ ਖੇਤੀ ਵੇਚ ਦਿੱਤੀ। ਇਹ ਖ਼ੁਲਾਸਾ ਪੰਜਾਬ ਸਰਕਾਰ ਵੱਲੋਂ ਬੁਲਾਈ ਆਲ ਪਾਰਟੀ ਮੀਟਿੰਗ ਵਿੱਚ ਸੁਖਬੀਰ ਬਾਦਲ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿੱਚ ਬੋਲਣ ਤੋਂ ਹੋਇਆ, ਕਿਉਂਕਿ ਸਰਕਾਰ ਦੀ ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਕੇ ਇਨਾਂ ਆਰਡੀਨੈਂਸਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਹਿਮਤ ਸਨ, ਜਦੋਂ ਕਿ ਸੁਖਬੀਰ ਬਾਦਲ ਇਸ ਦੇ ਵਿਰੋਧ ਵਿਚ ਸਨ। ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰਨ ਤੋਂ ਇਹ ਹੁਣ ਸਪਸ਼ਟ ਹੈ ਕਿ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਵਿਰੋਧੀ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦੇ ਪੰਜਾਬ ਵਿਰੋਧੀ ਫੈਸਲੇ ਵਿਰੁੱਧ ‘ਆਪ’ ਵੱਲੋਂ ਉਨ੍ਹਾਂ ਦੋਵਾਂ ਦਾ ਪੁਤਲਾ ਫੂਕਿਆ ਗਿਆ।

    ਸਿਟੀ ਪ੍ਰਧਾਨ ਅਜੈ ਵਰਮਾ ਨੇ ਮੰਤਰੀ ਹਰਸਿਮਰਤ ਕੌਰ ਤੇ ਵੀ ਸਵਾਲ ਖੜੇ ਕੀਤੇ, ਕਿਉਂਕਿ ਉਹ ਮੰਤਰੀ ਮੰਡਲ ਦੀ ਉਸ ਮੀਟਿੰਗ ਵਿਚ ਮੌਜੂਦ ਸਨ ਜਿਸ ਵਿਚ ਇਹ ਆਰਡੀਨੈਂਸ ਪਾਸ ਕੀਤੇ ਗਏ ਅਤੇ ਉਹ ਅਜਿਹੇ ਆਰਡੀਨੈਂਸਾਂ ਨੂੰ ਪਾਸ ਕਰਨ ਦੇ ਹੱਕ ਵਿਚ ਵੀ ਸਨ। ਕੇਂਦਰ ਸਰਕਾਰ ਦੇ ਤਿੰਨੇ ਆਰਡੀਨੈਂਸ ਪੰਜਾਬ ਵਿਰੋਧੀ ਹਨ। ਜਿਸ ਨਾਲ ਆਉਂਦੇ ਸਮੇਂ ਵਿੱਚ ਪੰਜਾਬ ਦਾ ਖੇਤੀ ਸਿਸਟਮ ਖ਼ਤਮ ਹੋ ਜਾਏਗਾ। ਅਜੈ ਵਰਮਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਆਪਣਾ ਸਟੈਂਡ ਸਪਸ਼ਟ ਕਰੇ ਅਤੇ ਦੱਸੇ ਕਿ ਕੇਂਦਰ ਸਰਕਾਰ ਨੇ ਕਿਹੜੀ ਐਮਰਜੈਂਸੀ ਕਰ ਕੇ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ।

    ਸਤਵੰਤ ਸਿੰਘ ਸੈਣੀ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੰਬੰਧੀ ਲਿਆਂਦੇ ਤਿੰਨ ਆਰਡੀਨੈਂਸਾਂ ਨੂੰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਤੇ ਪੰਜਾਬ ਦੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਖ਼ਤਮ ਕਰਨ ਵਾਲੇ ਮਾਰੂ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਸਮੇਤ ਖੇਤੀਬਾੜੀ ‘ਤੇ ਨਿਰਭਰ ਸਾਰੇ ਵਰਗਾਂ ਨਾਲ ਇੱਕ ਘਾਤਕ ਖੇਡ ਖੇਡੀ ਜਾ ਰਹੀ ਹੈ। ਮੋਦੀ ਸਰਕਾਰ ਇਨਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ-ਅਡਾਨੀਆਂ ਦਾ ਪੰਜਾਬ-ਹਰਿਆਣਾ ਦੇ ਖੇਤਾਂ ਅਤੇ ਮੰਡੀਆਂ ‘ਤੇ ਕਬਜ਼ਾ ਕਰਾਉਣਾ ਚਾਹੁੰਦੇ ਹਾਂ।

    ਜਸਪਾਲ ਚੇਚੀ ਨੇ ਕਿਹਾ ਕਿ ਇਨਾਂ ਮੋਦੀ ਸਰਕਾਰ ਦੇ ਘਾਤਕ ਆਰਡੀਨੈਂਸਾਂ ਰਾਹੀਂ ਜਦ ਕਾਰਪੋਰੇਟ ਘਰਾਨਿਆਂ ਦੀ ਪੰਜਾਬ ‘ਚ ‘ਐਂਟਰੀ‘ ਹੋ ਗਈ ਤਾਂ ਮੱਕੀ, ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨਿਰਾਰਥਕ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨ ਕੌਡੀਆਂ ਦੇ ਮੁੱਲ ਫ਼ਸਲਾਂ ਵੇਚਣ ਅਤੇ ਭੁਗਤਾਨ ਲਈ ਮਹੀਨੇ ਸਾਲ ਠੋਕਰਾਂ ਖਾਣ ਲਈ ਮਜ਼ਬੂਰ ਹੋਣਗੇ। ਜਦਕਿ ਆੜਤੀ, ਮੁਨੀਮ, ਪੱਲੇਦਾਰ, ਡਰਾਈਵਰ, ਟਰਾਂਸਪੋਰਟ ਦੀ ਖੇਤੀਬਾੜੀ ਖੇਤਰ ‘ਚੋਂ ਹੋਂਦ ਹੀ ਖ਼ਤਮ ਹੋ ਜਾਵੇਗੀ।.

    ਖੁਸ਼ੀ ਰਾਮ ਧੀਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸਾਂ ਖ਼ਿਲਾਫ਼ ਆਉਂਦੇ ਸੈਸ਼ਨ ਵਿੱਚ ਆਮ ਆਦਮੀ ਪਾਰਟੀ ‘‘ਪ੍ਰਾਈਵੇਟ ਮੈਂਬਰ ਬਿੱਲ’’ ਲਿਆਏਗੀ, ਜੇਕਰ ਸੁਖਬੀਰ ਬਾਦਲ ਕਿਸਾਨ ਹਿਤੈਸ਼ੀ ਹਨ ਤਾਂ ਉਸ ਬਿੱਲ ਦੀ ਸਪੋਰਟ ਕਰਨ।

    ਇਸ ਮੌਕੇ ਦਿਲੀਪ ਓਹਰੀ, ਗੁਰਪ੍ਰੀਤ ਸਿੰਘ, ਸੰਤੋਸ਼ ਸੈਣੀ, ਮਨਦੀਪ ਕੌਰ, ਬਿੱਟੂ ਚੋਪੜਾ, ਅਨਿਲ ਠਾਕੁਰ, ਹਰਜਿੰਦਰ ਵਿਰਦੀ, ਬਹਾਦਰ ਸਿੰਘ, ਹਰਭਜਨ ਸਿੰਘ, ਦਲਜੀਤ ਕੁਮਾਰ, ਮੁਕੇਸ਼ ਕੁਮਾਰ, ਰਾਜਿੰਦਰ ਕੁਮਾਰ, ਨਿਤਿਸ਼ ਕੁਮਾਰ, ਸੁਰਿੰਦਰ ਵਧਾਵਾਂ, ਮੇਹਰ ਚੰਦ ਖਟਾਂ, ਪੰਕਜ ਮਹਿਰਾ, ਹਰਪ੍ਰੀਤ ਸਿੰਘ, ਸੰਜੀਵ ਸ਼ਰਮਾ, ਵਿਕਰਮ ਕੁਮਾਰ, ਅੰਸ਼ੂਮਨ ਸ਼ਰਮਾ, ਲੱਕੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here