ਅਸੀਂ ਕੋਵਿਡ ਖ਼ਿਲਾਫ਼ ਜੰਗ ਲੜ ਰਹੇ ਹਾਂ, ਇਹ ਸਮਾਂ ਰਾਜਸੀ ਲਾਹਾ ਲੈਣ ਦਾ ਨਹੀਂ : ਸੀਐੱਮ

    0
    123

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਤੰਗਦਿਲ ਰਾਜਨੀਤੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਕੋਵਿਡ ਮਹਾਂਮਾਰੀ ਬਾਰੇ ਗਲਤ ਜਾਣਕਾਰੀ ਫੈਲਾਅ ਕੇ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਨਾ ਪੈਦਾ ਕਰਨ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਇਸ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਨਾਲ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।

    ਪੰਜਾਬ ਦੇ ਲੋਕਾਂ ਦੇ ਨਾਮ ਟੈਲੀਵੀਜ਼ਨ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੰਕਟ ਬਾਰੇ ਕੋਈ ਮਾੜਾ ਪ੍ਰਬੰਧ ਜਾਂ ਵੱਡੇ ਪੱਧਰ ਦਾ ਫੈਲਾਅ ਨਹੀਂ ਹੋਇਆ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸਾਹਮਣੇ ਆਏ ਕੇਸਾਂ ਵਿੱਚੋਂ ਬਹੁਤੇ ਉਹ ਹਨ ਜਿਹੜੇ ਦੂਜੇ ਸੂਬਿਆਂ ਤੋਂ ਆਏ ਹਨ। ਨਵੇਂ ਕੇਸਾਂ ਬਾਰੇ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ 7 ਕੇਸ ਸਥਾਨਕ ਸਾਹਮਣੇ ਆਏ ਹਨ ਜਦੋਂ ਕਿ 93 ਕੇਸ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਦੇ ਹਨ।

    ਮੁੱਖ ਮੰਤਰੀ ਨੇ ਲੋਕਾਂ ਨੂੰ ਅਚਾਨਕ ਵਧੇ ਕੇਸਾਂ ਬਾਰੇ ਚਿੰਤਤ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚੋਂ ਦੂਜੇ ਸੂਬਿਆਂ ਤੋਂ ਹੋਰ ਲੋਕਾਂ ਦੇ ਆਪਣੇ ਘਰ ਆਉਣ ਨਾਲ ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਫ਼ੈਸਲਾ ਕਰਦਿਆਂ ਫਸੇ ਹੋਏ ਲੋਕਾਂ ਨੂੰ ਆਪਣੇ ਘਰ ਜਾਣ ਦੀ ਆਗਿਆ ਦਿੱਤੀ ਹੈ।

    ਮੁੱਖ ਮੰਤਰੀ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਵਿਰੋਧੀ ਪਾਰਟੀਆਂ ਨੂੰ ਹੱਥ ਮਿਲਾਉਣ ਅਤੇ ਸੂਬਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ, ”ਅਸੀਂ ਇਸ ਵੇਲੇ ਲੜਾਈ ਲੜ ਰਹੇ ਹਾਂ ਅਤੇ ਇਹ ਸਮਾਂ ਰਾਜਸੀ ਲਾਹਾ ਲੈਣ ਦਾ ਨਹੀਂ ਬਲਿਕ ਇਕਜੁੱਟਤਾ ਦਿਖਾਉਣ ਦਾ ਹੈ।”

    ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨਵੀ ਇਤਿਹਾਸ ਦੀ ਇਕ ਉਦਾਹਰਨ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਬਰਤਾਨੀਆ ਜਰਮਨੀ ਖ਼ਿਲਾਫ਼ ਜੰਗ ਲੜ ਰਿਹਾ ਸੀ ਤਾਂ ਕੰਜ਼ਰਵੇਟਿਵ ਪਾਰਟੀ ਦੇ ਤੱਤਕਾਲੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਲੇਬਰ ਪਾਰਟੀ ਦੇ ਕਲੈਮਿਟ ਐਟਲੀ ਨੂੰ ਆਪਣਾ ਡਿਪਟੀ ਪ੍ਰਧਾਨ ਮੰਤਰੀ ਨਿਯੁਕਤ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜੰਗ ਸਿਰਫ਼ ਇਕਜੁੱਟਤਾ ਨਾਲ ਹੀ ਲੜ ਕੇ ਜਿੱਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਅਤੇ ਇੱਥੋਂ ਦੇ ਲੋਕਾਂ ਨੂੰ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, ”ਇਹ ਪੰਜਾਬ ਦੀ ਲੜਾਈ ਹੈ ਜੋ ਲੋਕਾਂ ਲਈ ਲੜੀ ਜਾ ਰਹੀ ਹੈ।”

    ਵਿਰੋਧੀ ਪਾਰਟੀਆਂ ਵੱਲੋਂ ਸੂਬਾ ਸਰਕਾਰ ਦੀ ਕੋਵਿਡ ਸਥਿਤੀ ਨਾਲ ਨਜਿੱਠਣ ਬਾਰੇ ਕੀਤੀ ਜਾ ਰਹੀ ਆਲੋਚਨਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਇਸ ਨਾਜ਼ੁਕ ਸਮੇਂ ਵਿੱਚ ਨਕਰਾਤਮਕ ਗੱਲਾਂ ਨਹੀਂ ਸੁਣਨੀਆਂ ਚਾਹੇਗਾ। ਉਨ੍ਹਾਂ ਨੇ ਕਿਹਾ ਕਿ ਲੋਕ ਪਹਿਲਾਂ ਹੀ ਨਕਰਾਤਮਕ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਉਹ ਚੰਗੀਆਂ ਤੇ ਖੁਸ਼ੀ ਵਾਲੀਆਂ ਖ਼ਬਰਾਂ ਸੁਣਨਾ ਚਾਹੁੰਦੇ ਹਨ।

    ਕੇਂਦਰ ਸਰਕਾਰ ਵੱਲੋਂ ਮਾਪਦੰਡਾਂ ਵਿੱਚ ਢਿੱਲ ਦੇਣ ਨਾਲ ਬਾਹਰੀ ਸੂਬਿਆਂ ‘ਚ ਫਸੇ ਹੋਰ ਪੰਜਾਬੀਆਂ ਦੇ ਵਾਪਸ ਪਰਤਣ ਨਾਲ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਸੰਭਾਵੀ ਵਾਧੇ ਬਾਰੇ ਸੁਚੇਤ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਇਕਾਂਤਵਾਸ ਤੋਂ ਖੌਫਜ਼ਦਾ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਮਨੋਰਥ ਇਹ ਯਕੀਨੀ ਬਣਾਉਣਾ ਹੈ ਕਿ ਵਾਪਸ ਪਰਤਣ ਵਾਲੇ ਇਸ ਰੋਗ ਦਾ ਫੈਲਾਅ ਆਪਣੇ ਪਰਿਵਾਰਾਂ, ਗੁਆਂਢੀਆਂ ਅਤੇ ਹੋਰਾਂ ਦਰਮਿਆਨ ਨਾ ਫੈਲਾਉਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕਾਂਤਵਾਸ ਕੁੱਝ ਨਹੀਂ ਸਗੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਨੂੰ ਅਲਹਿਦਾ ਰੱਖਣਾ ਹੈ ਜਦ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹਤਿਆਦੀ ਕਦਮ ਦੇ ਤੌਰ ‘ਤੇ ਸੂਬੇ ਵਿੱਚ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਨੂੰ ਸੰਸਥਾਗਤ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।

    ਕੁੱਝ ਲੋਕਾਂ ਵੱਲੋਂ ਸਰਹੱਦਾਂ ਤੋਂ ਲੁਕਵੇਂ ਢੰਗ ਰਾਹੀਂ ਘਰ ਪਰਤਣ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸਾਰਿਆਂ ਨੂੰ ਅਜਿਹੇ ਖ਼ਤਰਨਾਕ ਕਦਮ ਨਾ ਚੁੱਕਣ ਦੀ ਅਪੀਲ ਕਰਦਿਆਂ ਜਾਂਚ, ਟੈਸਟਿਗ ਅਤੇ ਇਕਾਂਤਵਾਸ ਦੀ ਸਹੀ ਪ੍ਰਕ੍ਰਿਆ ਰਾਹੀਂ ਹੀ ਵਾਪਸ ਆਉਣ ਲਈ ਆਖਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂ ਜੋ ਸੂਬੇ ਵਿੱਚ ਵੇਲੇ ਸਿਰ ਕਰਫ਼ਿਊ ਲਾ ਦੇਣ ਕਰਕੇ ਹੀ ਵੱਡੀ ਪੱਧਰ ‘ਤੇ ਸਥਿਤੀ ਕਾਬੂ ਹੇਠ ਬਣੀ ਹੋਈ ਹੈ। ਉਨ੍ਹਾਂ ਨੇ ਐਲਾਨ ਕੀਤਾ,”ਕਿਸੇ ਵੀ ਵਿਅਕਤੀ ਨੂੰ ਨਿਰਧਾਰਤ ਸਮੇਂ ਦੇ ਇਕਾਂਤਵਾਸ ਅਤੇ ਡਾਕਟਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

    ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਘਰ ਵਾਪਸ ਆਉਣ ਵਾਲੇ ਹਰੇਕ ਪੰਜਾਬੀ ਦਾ ਸਵਾਗਤ ਹੈ ਅਤੇ ਇੱਥੋਂ ਆਪਣੇ ਸੂਬਿਆਂ ਨੂੰ ਵਾਪਸ ਜਾਣ ਵਾਲਿਆਂ ਨੂੰ ਵੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਪਰ ਇਹ ਸੱਭ ਕੁੱਝ ਸਹੀ ਢੰਗ ਨਾਲ ਕੀਤਾ ਜਾਣਾ ਜ਼ਰੂਰੀ ਹੈ ਤਾਂ ਕਿ ਕੋਰੋਨਾਵਾਇਰਸ ਦਾ ਅੱਗੇ ਹੋਰ ਫੈਲਾਅ ਨਾ ਹੋਵੇ। ਪੰਜਾਬ ਵਿੱਚ ਫਸੇ ਬਾਹਰੀ ਸੂਬਿਆਂ ਦੇ ਲੋਕਾਂ ਦੀ ਵਾਪਸੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੰਬੰਧਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਪ੍ਰਬੰਧ ਕਰਨੇ ਹੋਣਗੇ ਜਾਂ ਫਿਰ ਅਜਿਹੇ ਲੋਕਾਂ ਦੀ ਵੱਡੀ ਗਿਣਤੀ ਹੋਣ ਕਰਕੇ ਭਾਰਤ ਸਰਕਾਰ ਨੂੰ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰਨਾ ਪਵੇਗਾ।

    ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਦੋ ਦਿਨਾਂ ਪਹਿਲਾਂ ਕਰਫਿਊ ਵਿੱਚ ਦਿੱਤੀ ਢਿੱਲ ਦੇ ਸਮੇਂ ਦੌਰਾਨ ਬਾਹਰ ਨਿਕਲਣ ਮੌਕੇ ਮਾਸਕ ਪਹਿਨਣ, ਹੱਥਾਂ ਦੀ ਸਫਾਈ ਅਤੇ ਸਮਾਜਿਕ ਦੂਰੀ ਸਮੇਤ ਸਾਰੇ ਇਹਤਿਆਦੀ ਕਦਮਾਂ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇ। ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕਰਫ਼ਿਊ ਵਿੱਚ ਦਿੱਤੀ ਢਿੱਲ ਅਗਲੇ ਕੁਝ ਦਿਨਾਂ ਵਿੱਚ ਸਹੀ ਢੰਗ ਨਾਲ ਸ਼ੁਰੂ ਹੋ ਜਾਵੇਗੀ ਕਿਉਂਕਿ ਸੰਬੰਧਿਤ ਡਿਪਟੀ ਕਮਿਸ਼ਨਰ ਵਾਰੋ-ਵਾਰੀ ਚੋਣਵੀਆਂ ਦੁਕਾਨਾਂ ਖੋਲ੍ਹਣ ਲਈ ਇਲਾਕੇ ਅਨੁਸਾਰ ਆਪਣੀਆਂ ਯੋਜਨਾਵਾਂ ਤਿਆਰ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਡਾਕਟਰਾਂ ਅਤੇ ਮਾਹਿਰਾਂ ਵੱਲੋਂ ਦਿੱਤੀ ਸਲਾਹ/ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਤਾਂ ਕਿ ਇਸ ਲਾਗ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

    ਇਸੇ ਦੌਰਾਨ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਵੱਲੋਂ ਮਈ ਦਿਵਸ ਮੌਕੇ ਕੋਰੋਨਾ ਵਿਰੁੱਧ ਡਟੇ ਯੋਧਿਆਂ ਨਾਲ ਇਕਜੁਟਤਾ ਪ੍ਰਗਟਾਉਣ ਅਤੇ ਕੋਵਿਡ ਵਿਰੁੱਧ ਜੰਗ ‘ਚ ਸਹਾਇਤਾ ਦੇਣ ਦੇ ਮਾਮਲੇ ਵਿੱਚ ਸੂਬੇ ਨਾਲ ਕੇਂਦਰ ਦੇ ਵਿਤਕਰੇ ਖ਼ਿਲਾਫ਼ ਰੋਸ ਜ਼ਾਹਰ ਕਰਨ ਕੀਤੇ ਫੈਸਲੇ ਦੀ ਲੀਹ ‘ਤੇ ਰਾਸ਼ਟਰੀ ਝੰਡਾ ਵੀ ਲਹਿਰਾਇਆ।

    ਮੁੱਖ ਮੰਤਰੀ ਨੇ ਟਵੀਟ ਕੀਤਾ,”ਮਈ ਦਿਵਸ ਸਮੁੱਚੀ ਕਿਰਤੀ ਜਮਾਤ ਦੇ ਲੋਕਾਂ ਦੀ ਸਖਤ ਘਾਲਣਾ ਅਤੇ ਕੁਰਬਾਨੀ ਦੇ ਮੌਕੇ ਨੂੰ ਮਨਾਉਣ ਦਾ ਦਿਹਾੜਾ ਹੈ। ਸਾਡੇ ਮੁਲਕ ਵੱਲੋਂ ਕੀਤੀ ਤਰੱਕੀ ਦਾ ਸਿਹਰਾ ਸਾਡੇ ਸਨਅਤੀ ਕਾਮਿਆਂ ਨੂੰ ਜਾਂਦਾ ਹੈ। ਕੋਵਿਡ-19 ਦੇ ਦਰਿਮਆਨ ਅਸੀਂ ਆਪਣੇ ਕਰੋਨਾ ਯੋਧਿਆਂ ਦੇ ਵੀ ਸ਼ੁਕਰਗੁਜ਼ਾਰ ਹਾਂ। ਮੈਂ ਕਿਰਤ ਦਿਵਸ ਮੌਕੇ ਸਭ ਨੂੰ ਸਲਾਮ ਕਰਦਾ ਹਾਂ।”

    LEAVE A REPLY

    Please enter your comment!
    Please enter your name here